ਜੰਮੂ-ਕਸ਼ਮੀਰ ਤੇ ਹਿਮਾਚਲ ’ਚ ਭਾਰੀ ਮੀਂਹ, ਬੱਦਲ ਫਟਣ ਤੇ ਢਿਗਾਂ ਡਿੱਗਣ ਨਾਲ ਤਬਾਹੀ; 7 ਦੀ ਮੌਤ

car/nawanpunjab.com

ਜੰਮੂ/ਆਨੀ/ਭਰਮੌਰ– ਭਾਰੀ ਮੀਂਹ, ਬੱਦਲ ਫਟਣ ਅਤੇ ਢਿਗਾਂ ਡਿੱਗਣ ਨਾਲ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਵੱਡੀ ਤਬਾਹੀ ਮਚੀ ਹੈ। ਵੱਖ-ਵੱਖ ਥਾਵਾਂ ’ਤੇ ਹਾਦਸਿਆਂ ਵਿਚ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 6 ਔਰਤਾਂ ਹਨ। ਹਿਮਾਚਲ ਦੇ ਆਨੀ ਦੇ ਜਵਾਈ ਵਿਚ ਇਕ ਮਕਾਨ ’ਤੇ ਪਹਾੜੀ ਤੋਂ ਡਿੱਗੇ ਮਲਬੇ ਤੇ ਪੱਥਰਾਂ ਦੀ ਜੱਦ ਵਿਚ ਆਉਣ ਨਾਲ 2 ਔਰਤਾਂ ਜ਼ਿੰਦਾ ਦੱਬੀਆਂ ਗਈਆਂ। ਘਟਨਾ ਦੇ ਸਮੇਂ ਦੋਵੇਂ ਮਕਾਨ ਵਿਚ ਸੌਂ ਰਹੀਆਂ ਸਨ। ਪਿੰਡ ਵਾਸੀਆਂ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ। ਆਨੀ ਦੇ ਦੇਊਠੀ ਵਿਚ ਬੱਦਲ ਫਟਣ ਨਾਲ ਨਾਲੇ ਵਿਚ ਆਏ ਭਿਆਨਕ ਹੜ ਕਾਰਨ ਗੁਗਰਾ ਵਿਚ ਇਕ ਚਿਲਿੰਗ ਪਲਾਂਟ ਸਮੇਤ 2 ਮੋਟਰ ਸਾਈਕਲ ਅਤੇ 5 ਕਾਰਾਂ ਰੁੜ੍ਹ ਗਈਆਂ ਜਦਕਿ ਦੇਹੁਰੀ ਖੱਡ ਵਿਚ ਆਏ ਹੜ੍ਹ ਨਾਲ ਆਨੀ ਬਾਜ਼ਾਰ ਦੇ ਪੁਰਾਣੇ ਬੱਸ ਅੱਡੇ ਵਿਚ ਪੰਚਾਇਤ ਦੀਆਂ 12 ਅਸਥਾਈ ਦੁਕਾਨਾਂ ਰੁੜ੍ਹ ਗਈਆਂ। ਆਨੀ ਬਾਜ਼ਾਰ ਵਿਚ ਐੱਨ. ਐੱਚ. ’ਤੇ ਬਣੇ ਵੱਡੇ ਪੁਲ ਦੇ ਢਹਿਣ ਦਾ ਖਦਸ਼ਾ ਬਣਿਆ ਹੋਇਆ ਹੈ ਅਤੇ ਮਕਾਨਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਨੇਰਵਾ ਬਾਜ਼ਾਰ ਵਿਚੋਂ ਵਹਿਣ ਵਾਲੇ ਦਯਾਂਡਲੀ ਨਾਲੇ ਵਿਚ ਹੜ ਦੇ ਨਾਲ ਮਲਬਾ ਆਉਣ ਨਾਲ 3 ਕਾਰਾਂ ਅਤੇ ਇਕ ਪਿਕਅੱਪ ਰੁੜ੍ਹ ਗਈ ਜਦਕਿ ਇਕ ਕਾਰ ਅਤੇ ਇਕ ਬੋਲੈਰੋ ਜੀਪ ਨੂੰ ਮੌਕੇ ’ਤੇ ਆਏ ਸਥਾਨਕ ਲੋਕਾਂ ਨੇ ਲੋਹੇ ਦੀਆਂ ਜਜ਼ੀਰਾਂ ਨਾਲ ਬੰਨ੍ਹ ਕੇ ਵਹਿਣ ਤੋਂ ਬਚਾ ਲਿਆ।

ਓਧਰ ਬੱਦਲ ਫਟਣ ਨਾਲ ਭਰਮੌਰ ਖੇਤਰ ਦੇ ਸਠਲੀ (ਆਹਲਾ) ਨਾਲੇ ਵਿਚ ਆਏ ਹੜ ਕਾਰਨ ਐੱਮ. ਸੀ. ਸੀ. ਕੰਪਨੀ ਦੇ ਕ੍ਰਸ਼ਰ ਪਲਾਂਟ ਦੇ ਨੇੜੇ ਇਕ ਕੰਪ੍ਰੈਸ਼ਰ, ਇਕ ਸਟੋਰ ਅਤੇ ਉਸ ਵਿਚ ਰੱਖਿਆ ਸਾਮਾਨ ਰਾਵੀ ਨਦੀ ਵਿਚ ਰੁੜ੍ਹ ਗਿਆ। ਕ੍ਰਸ਼ਰ ਪਲਾਂਟ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਪ੍ਰੰਘਾਲਾ ਨਾਲੇ ਦੇ ਪਾਣੀ ਦੇ ਪੱਧਰ ਨਾਲ ਐਂਜੈਲਿਕ ਕੰਪਨੀ ਦੀ ਮਸ਼ੀਨਰੀ ਰਾਵੀ ਨਦੀ ਵਿਚ ਰੁੜ੍ਹ ਗਈ।
ਭਾਰੀ ਮੀਂਹ ਕਾਰਨ ਕਈ ਨਦੀਆਂ ਨੱਕੋ-ਨੱਕ ਭਰ ਗਈਆਂ। ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਨਦੀਆਂ ਦੇ ਕੰਢੇ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਸੂਬੇ ਭਰ ਵਿਚ ਇਕ ਨੈਸ਼ਨਲ ਹਾਈਵੇ ਸਮੇਤ 88 ਸੜਕਾਂ ਪ੍ਰਭਾਵਿਤ ਹਨ। ਭਾਰੀ ਮੀਂਹ ਕਾਰਨ ਮੰਡੀ ਅਤੇ ਕੁੱਲੂ ਜ਼ਿਲੇ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੌਰਾਨ ਹੋਈਆਂ ਮੌਤਾਂ ਦਾ ਹੁਣ ਤੱਕ ਅੰਕੜਾ 186 ’ਤੇ ਪੁੱਜ ਗਿਆ ਹੈ।

Leave a Reply

Your email address will not be published. Required fields are marked *