ਜਲੰਧਰ, 15 ਜੁਲਾਈ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦਿੱਲੀ ਸਰਕਾਰ ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਇਸੇ ਮਹੀਨੇ ਹੀ ਕਰਵਾਈਆਂ ਜਾਣ ਅਤੇ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਧਿਰ ਨਾ ਬਣਨ ਤੇ ਚੋਣਾਂ ਇਸੇ ਮਹੀਨੇ ਕਰਵਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ। ਇਥੇ ਇਕ ਪ੍ਰੈੱਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅਕਾਲੀ ਦਲ ਨੇ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਇਸੇ ਮਹੀਨੇ ਕਰਵਾਉਣ ਲਈ ਦਿੱਲੀ ਸਰਕਾਰ ਤੇ ਦਿੱਲੀ ਗੁਰਦੁਆਰਾ ਚੋਣਾਂ ਡਾਇਰੈਕਟੋਰੇਟ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੀ ਹੋਰ ਸਾਰੀ ਪ੍ਰਕਿਿਰਆ ਪੂਰੀ ਹੋ ਚੁੱਕੀ ਹੈ। ਦੋਹਾਂ ਆਗੂਆਂ ਨੇ ਪਰਮਜੀਤ ਸਿੰਘ ਸਰਨਾ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਹਾਰ ਦੇ ਡਰੋਂ ਚੋਣਾਂ ਅੱਗ ਪਾਉਣ ਲਈ ਰਚੀ ਸਾਜ਼ਿਸ਼ ਬੇਨਕਾਬ ਕੀਤੀ ਤੇ ਦੱਸਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਮਾਮਲੇ ਦੇ ਨਾਂ ’ਤੇ ਇਹ ਦੋਵੇਂ ਆਗੂ 5 ਜੁਲਾਈ ਨੂੰ ਇਕੱਠਿਆਂ ਹੀ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਮਿਲੇ ਅਤੇ 18 ਜੁਲਾਈ ਨੂੰ ਚੋਣਾਂ ਕਰਵਾਉਣ ਤੇ ਚੋਣਾਂ ਅੱਗੇ ਪਾਉਣ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ 18 ਜੁਲਾਈ ਨੂੰ ਵੋਟਾਂ ਪੈਣ ਦੀ ਤਰੀਕ ਗੁਰਦੁਅਰਾ ਡਾਇਰੈਕਟੋਰੇਟ ਨੇ ਤੈਅ ਕਰ ਦਿੱਤੀ ਸੀ ਤੇ ਸਬੰਧਤ ਮੰਤਰੀ ਨੇ ਫਾਈਲ ਮੁੱਖ ਮੰਤਰੀ ਦਫਤਰ ਨੂੰ ਵੀ ਭੇਜ ਦਿੱਤੀ ਸੀ।