ਪਟਿਆਲਾ- ਰੋਡਰੇਜ਼ ਮਾਮਲੇ ਵਿਚ ਸਜ਼ਾ ਹੋਣ ਤੋਂ ਬਾਅਦ ਪਟਿਆਲਾ ਜੇਲ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸਿਹਤ ਇਕ ਵਾਰ ਫਿਰ ਖਰਾਬ ਹੋ ਗਈ ਹੈ। ਇਸ ਵਾਰ ਨਵਜੋਤ ਸਿੱਧੂ ਦੇ ਦੰਦਾਂ ਵਿਚ ਤਕਲੀਫ ਹੋਣ ਦੇ ਚੱਲਦੇ ਉਨ੍ਹਾਂ ਨੂੰ ਸ਼ਹਿਰ ਦੇ ਰਾਘੋਮਾਜਰਾ ਇਲਾਕੇ ਦੇ ਨੇੜੇ ਇਕ ਪ੍ਰਾਈਵੇਟ ਡਾਕਟਰ ਕੋਲ ਜਾਂਚ ਲਈ ਲਿਜਾਇਆ ਗਿਆ। ਸਵੇਰੇ ਲਗਭਗ ਸਾਢੇ 10 ਵਜੇ ਸਿੱਧੂ ਸਖ਼ਤ ਸੁਰੱਖਿਆ ਹੇਠ ਡਾਕਟਰ ਕੋਲ ਪਹੁੰਚੇ। ਲਗਭਗ ਇਕ ਘੰਟਾ ਚੱਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ ਲਿਜਾਇਆ ਗਿਆ। ਸਿੱਧੂ ਦੇ ਵਕੀਲ ਐੱਚ. ਪੀ. ਐੱਸ. ਵਰਮਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਦੰਦਾਂ ਨਾਲ ਖਾਣ-ਪੀਣ ਵਿਚ ਤਕਲੀਫ ਹੈ। ਇਸ ਸੰਬੰਧੀ ਉਨ੍ਹਾਂ ਦਾ ਪਹਿਲਾਂ ਹੀ ਉਕਤ ਦੰਦਾਂ ਦੇ ਪ੍ਰਾਈਵੇਟ ਡਾਕਟਰ ਕੋਲ ਇਲਾਜ ਚੱਲ ਰਿਹਾ ਹੈ। ਇਸੇ ਕੜੀ ਵਿਚ ਸੋਮਵਾਰ ਨੂੰ ਸਿੱਧੂ ਜਾਂਚ ਲਈ ਡਾਕਟਰ ਕੋਲ ਪਹੁੰਚੇ ਸਨ।
ਵਕੀਲ ਵਰਮਾ ਨੇ ਕਿਹਾ ਕਿ ਸਿੱਧੂ ਜੇਲ ਵਿਚ ਪੂਰੀ ਤਰ੍ਹਾਂ ਨਾਲ ਚੜ੍ਹਦੀ ਕਲਾ ਵਿਚ ਹਨ। ਸਿਹਤ ਸਬੰਧੀ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜੇਲ ਵਿਚ ਹੋਰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਨੂੰ ਲਿਵਰ ਦੀ ਬਿਮਾਰੀ ਹੈ, ਜਿਸ ਕਾਰਣ ਉਨ੍ਹਾਂ ਦਾ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਹੈ।