ਨਵੀਂ ਦਿੱਲੀ- ਕਾਂਗਰਸ ਨੇਤਾ ਅਧੀਰ ਰੰਜਨ ਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲੈ ਕੇ ਬਿਆਨ ਜ਼ੋਰ ਫੜਦਾ ਜਾ ਰਿਹਾ ਹੈ। ਸੰਸਦ ਦੇ ਦੋਹਾਂ ਸਦਨਾਂ ‘ਚ ਸੱਤਾਧਾਰੀ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਵਿਚਾਲੇ ਆਪਸੀ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਅਤੇ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਕ ਵਾਰੀ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਲੋਕ ਸਭਾ ਦੀ ਮੀਟਿੰਗ ਸ਼ੁਰੂ ਹੋਈ ਅਤੇ ਪ੍ਰਧਾਨਗੀ ਸਪੀਕਰ ਰਾਜਿੰਦਰ ਅਗਰਵਾਲ ਨੇ ਜ਼ਰੂਰੀ ਦਸਤਾਵੇਜ਼ ਪੇਸ਼ ਕੀਤੇ। ਇਸ ਦੌਰਾਨ ਭਾਜਪਾ ਦੇ ਮੈਂਬਰ ‘ਸੋਨੀਆ ਗਾਂਧੀ ਮਾਂਗੀ ਮੰਗੋ’ ਦੇ ਨਾਅਰੇ ਲਗਾ ਰਹੇ ਸਨ।
ਵੀਰਵਾਰ ਤੋਂ ਭਾਜਪਾ ਦੇ ਮੈਂਬਰ ਚੌਧਰੀ ਦੀ ‘ਰਾਸ਼ਟਰਪਤਨੀ’ ਵਾਲੀ ਟਿੱਪਣੀ ‘ਤੇ ਕਾਂਗਰਸ ਪ੍ਰਧਾਨ ਤੋਂ ਮੁਆਫ਼ੀ ਦੀ ਮੰਗ ਕਰ ਰਹੇ ਹਨ। ਪ੍ਰਧਾਨਗੀ ਸਪੀਕਰ ਅਗਰਵਾਲ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਸਥਾਨਾਂ ‘ਤੇ ਬੈਠਣ ਅਤੇ ਕਾਰਵਾਈ ਨੂੰ ਅੱਗੇ ਵਧਣ ਦੇਣ। ਜਦੋਂ ਹੰਗਾਮਾ ਨਾ ਰੁਕਿਆ ਤਾਂ ਉਨ੍ਹਾਂ ਦੁਪਹਿਰ ਕਰੀਬ 12.05 ਵਜੇ ਮੀਟਿੰਗ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਦੋਵੇਂ ਧਿਰਾਂ ਦੇ ਮੈਂਬਰ ਆਪੋ-ਆਪਣੇ ਥਾਂ ਖੜ੍ਹੇ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।