ਮੁਹਾਲੀ : ਅਕਤੂਬਰ 2020 ਨੂੰ ਭਿਖੀਵਿੰਡ ’ਚ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਸੰਧੂ (Comrade Balwinder Singh Sandhu) ਦੀ ਉਸ ਦੇ ਹੀ ਸਕੂਲ ’ਚ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕੇਐੱਲਐੱਫ (Khalistan Liberation Force) ਦੇ 10 ਅੱਤਵਾਦੀਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਸ਼ੌਰਿਆ ਚੱਕਰ ਪੁਰਸਕਾਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਮਾਮਲੇ ’ਚ ਮੁਲਜ਼ਮ ਗੁਰਜੀਤ ਸਿੰਘ, ਸੁਖਦੀਪ ਸਿੰਘ ਬੂਰਾ ਉਰਫ਼ ਭੂਰਾ ਨਿਵਾਸੀ ਗੁਰਦਾਸਪੁਰ, ਇੰਦਰਜੀਤ ਸਿੰਘ ਉਰਫ਼ ਇੰਦਰ ਨਿਵਾਸੀ ਪਿੰਡ ਰਸ਼ਿਆਨਾ ਜ਼ਿਲ੍ਹਾ ਤਰਨਤਾਰਨ, ਸੁਖਰਾਜ ਸਿੰਘ ਸੁੱਖਾ ਉਰਫ਼ ਲਖਨਪਾਲ, ਸੁਖਮੀਤ ਪਾਲ ਸਿੰਘ ਉਰਫ਼ ਸੁਖ ਭਿਖਾਰੀਵਾਲ ਨਿਵਾਸੀ ਭਿਖੀਵਿੰਡ ਜ਼ਿਲ੍ਹਾ ਗੁਰਦਾਸਪੁਰ, ਲਵਪ੍ਰੀਤ ਸਿੰਘ, ਹਰਭਿੰਦਰ ਸਿੰਘ, ਅਕਾਸ਼ਦੀਪ ਅਰੋਡ਼ਾ ਉਰਫ਼ ਧਾਲੀਵਾਲ ਨਿਵਾਸੀ ਜਨਕਪੁਰੀ ਲੁਧਿਆਣਾ, ਜਗਰੂਪ ਸਿੰਘ ਨਿਵਾਸੀ ਸੁਭਾਸ਼ ਨਗਰ ਲੁਧਿਆਣਾ, ਰਵਿੰਦਰ ਸਿੰਘ ਉਰਫ਼ ਰਵੀ ਨੂੰ ਨਾਮਜ਼ਦ ਕੀਤਾ ਗਿਆ ਸੀ।
ਕੇਐੱਲਐੱਫ ਦੇ ਅੱਤਵਾਦੀਆਂ ਖ਼ਿਲਾਫ਼ ਧਾਰਾ 120ਬੀ, 201, 212, 302 ਆਰਮਜ਼ ਐਕਟ ਤੇ 16, 17, 18, 18ਬੀ, 20, 23, 38, 39, 40 ਯੂਏਪੀ ਐਕਟ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਇਸ ਮਾਮਲੇ ’ਚ ਨਾਮਜ਼ਦ ਰਾਕੇਸ਼ ਕੁਮਾਰ ਕਾਲਾ, ਪ੍ਰਭਦੀਪ ਸਿੰਘ ਮਿੱਠੂ, ਚਾਂਦ ਕੁਮਾਰ ਭਾਟੀਆ ਤੇ ਰਵਿੰਦਰ ਸਿੰਘ ਗਿਆਨ ਨੂੰ ਕੇਸ ’ਚੋਂ ਬਰੀ ਕਰ ਦਿੱਤਾ ਹੈ, ਕਿਉਂਕਿ ਐੱਨਆਈਏ ਨੂੰ ਮਾਮਲੇ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਮਿਲੀ। NIA ਮੁਤਾਬਕ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਇਕ ਸਾਜ਼ਿਸ਼ ਤਹਿਤ ਕੀਤੀ ਗਈ ਸੀ, ਜਿਸ ਦਾ ਮੁੱਖ ਮਕਸਦ ਖ਼ਾਲਿਸਤਾਨੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਲੋਕਾਂ ’ਚ ਦਹਿਸ਼ਤ ਫੈਲਾਉਣਾ ਸੀ। ਪਾਕਿਸਤਾਨ ਸਥਿਤ ਕੇਐੱਲਐੱਫ ਦੇ ਮੁਖੀ ਲਖਵੀਰ ਸਿੰਘ ਰੋਡੇ ਤੇ ਵਿਦੇਸ਼ੀ ਕੇਐੱਲਐੱਫ ਅੱਤਵਾਦੀਆਂ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਉਨ੍ਹਾਂ ਦੋਸ਼ੀਆਂ ਨੂੰ ਹਥਿਆਰ ਤੇ ਧਨ ਮੁਹੱਈਆ ਕਰਵਾਇਆ ਸੀ।