ਗੁਰਦਾਸਪੁਰ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਨੇੜੇ ਇਕ ਬਲੈਰੋ ਗੱਡੀ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 2 ਲੋਕ ਜਖ਼ਮੀ ਹੋ ਗਏ। ਮਰਨ ਵਾਲਿਆਂ ’ਚ ਤਿੰਨ ਵਿਅਕਤੀ ਗੁਰਦਾਸਪੁਰ ਦੇ ਨਾਲ ਸਬੰਧਿਤ ਸਨ, ਜਿੰਨਾਂ ’ਚ ਇਕ ਵਿਅਕਤੀ ਸਰਵੇਅਰ, ਐਕਸੀਅਨ ਅਤੇ ਐੱਨ.ਆਰ.ਆਈ ਸ਼ਾਮਲ ਸਨ।
ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਤਿੰਨ ਵਿਅਕਤੀਆਂ ਦੀ ਪਛਾਣ ਸਰਵੇਅਰ ਰਾਜੀਵ ਸ਼ਰਮਾ ਪੁੱਤਰ ਓੁਮ ਪ੍ਰਕਾਸ਼ ਵਾਸੀ ਰਾਮ ਸ਼ਰਨਮ ਕਲੋਨੀ ਗੁਰਦਾਸਪੁਰ, ਐੱਨ.ਆਰ.ਆਈ ਅਮਰਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੈਕਟਰੀ ਮੁਹੱਲਾ ਗੁਰਦਾਸਪੁਰ, ਐਕਸੀਅਨ ਮਨੋਹਰ ਪੁੱਤਰ ਚਮਨ ਲਾਲ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਇਸ ਹਾਦਸੇ ’ਚ ਹੋਰਾਂ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਮੁਸ਼ਦੀ ਰਾਮ ਪਿੰਡ ਚੰਦੌੜ ਤਹਿਸੀਲ ਚੁਰਾਹ ਅਤੇ ਹੇਮ ਸਿੰਘ ਵਾਸੀ ਬੜੌਰ ਜੇ ਰੂਪ ਵਿਚ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮਹੀਨਾ ਪਹਿਲਾ ਚੰਬਾ ਤੀਸਾ ਵਾਇਆ ਸੱਚਪਾਸ ਕਿੱਲੜ ਸੜਕ ਤੇ ਇਕ ਟਾਟਾ ਸੂਮੋ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ ਸਨ। ਇਸ ਗੱਡੀ ਦੇ ਕਲੇਮ ਸੈਟਲਮੈਂਟ ਲਈ ਰਾਜੀਵ ਸ਼ਰਮਾ ਤੀਸਾ ਤੋਂ ਬਗੋਟੂ ਆਪਣੇ ਦੋਸਤਾਂ ਅਮਰਜੀਤ ਸਿੰਘ, ਮਨੋਹਰ ਨਾਲ ਜਾ ਰਹੇ ਸੀ ਅਤੇ ਰਸਤੇ ਵਿਚ ਮੌਸਮ ਦੀ ਖ਼ਰਾਬੀ ਕਾਰਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਦੂਜੇ ਪਾਸੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸਬੰਧਿਤ ਵਿਅਕਤੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਜਿੱਥੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਉੱਥੇ ਸ਼ਹਿਰ ’ਚ ਸੰਨਾਟਾ ਛਾ ਗਿਆ। ਹਰ ਸ਼ਹਿਰ ਵਾਸੀ ਇਨ੍ਹਾਂ ਪਰਿਵਾਰਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰ ਰਿਹਾ ਹੈ।