ਅੰਮ੍ਰਿਤਸਰ – ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮਨੂ ਕੁੱਸਾ ਅਤੇ ਜਗਰੂਪ ਰੂਪਾ ਨਾਲ ਪੰਜਾਬ ਪੁਲਸ ਦਾ ਐਨਕਾਊਂਟਰ ਹੋ ਰਿਹਾ ਹੈ। ਇਹ ਮੁਠਭੇੜ ਅੰਮ੍ਰਿਤਸਰ ਵਿਚ ਹੋ ਰਹੀ ਹੈ। ਜਿਸ ਵਿਚ ਦੋਵੇਂ ਪਾਸਿਓਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਖਬਰ ਮਿਲੀ ਹੈ ਕਿ ਪੁਲਸ ਨੇ ਇਕ ਗੈਂਗਸਟਰ ਨੂੰ ਢੇਰ ਕਰ ਦਿੱਤਾ ਹੈ। ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਇਸ ਮੁਕਾਬਲੇ ਦੌਰਾਨ ਕਿਹੜਾ ਗੈਂਗਸਟਰ ਮਾਰਿਆ ਗਿਆ ਹੈ। ਪੁਲਸ ਨੇ ਇਲਾਕੇ ਦੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲ ਦੀ ਹਦਾਇਤ ਕੀਤੀ ਹੈ। ਇਸ ਮੁਕਾਬਲੇ ਦੌਰਾਨ ਇਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਗੋਲ਼ੀ ਲੱਗ ਗਈ। ਇਸ ਦੌਰਾਨ ਪੁਲਸ ਵਲੋਂ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਸਵੇਰੇ ਅੰਮ੍ਰਿਤਸਰ ਪੁਲਸ ਸੂਚਨਾ ਦੇ ਆਧਾਰ ’ਤੇ ਗੈਂਗਸਟਰਾਂ ਨੂੰ ਫੜਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਪਿੰਡ ਹੁਸ਼ਿਆਰ ਨਗਰ ਪਹੁੰਚੀ। ਜਿੱਥੇ ਪਹਿਲਾਂ ਤੋਂ ਹਥਿਆਰਾਂ ਨਾਲ ਲੈਸ ਗੈਂਗਸਟਰਾਂ ਨੇ ਪੁਲਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਕਾਰਵਾਈ ਵਿਚ ਫਾਇਰਿੰਗ ਕੀਤੀ। ਪੁਲਸ ਅਤੇ ਗੈਂਗਸਟਰਾਂ ਵਿਚਾਲੇ ਪਿਛਲੇ ਡੇਢ ਘੰਟੇ ਤੋਂ ਲਗਾਤਾਰ ਰੁੱਕ-ਰੁੱਕ ਕੇ ਫਾਇਰਿੰਗ ਹੋ ਰਹੀ ਹੈ। ਫਿਲਹਾਲ ਪੁਲਸ ਦਾ ਕੋਈ ਵੀ ਅਧਿਕਾਰੀ ਗੈਂਗਸਟਰਾਂ ਦੇ ਨਾਮ ਲੈਣ ਲਈ ਤਿਆਰ ਨਹੀਂ ਹੈ।
ਦੂਜੇ ਪਾਸੇ ਕਿ ਸੂਤਰਾਂ ਦੀ ਮੰਨੀਏ ਤਾਂ ਮੌਕੇ ’ਤੇ ਜਗਰੂਪ ਰੂਪਾ ਅਤੇ ਮਨੂ ਕੁੱਸਾ ਦਾ ਨਾਮ ਸਾਹਮਣੇ ਆ ਰਿਹਾ ਹੈ। ਦੱਸਣਯੋਗ ਹੈ ਕਿ ਗੈਂਗਸਟਰ ਜਗਰੂਪ ਰੂਪਾ ਅਤੇ ਮਨੂ ਕੁੱਸਾ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਵਿਚ ਸ਼ਾਮਲ ਸਨ। ਪੁਲਸ ਨੇ ਇਸ ਮਾਮਲੇ ਵਿਚ 4 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਲਿਆ ਹੈ, ਜਦਕਿ ਸ਼ੂਟਰ ਜਗਰੂਪ ਰੂਪਾ ਅਤੇ ਮਨੂ ਕੁੱਸਾ ਪਿਛਲੇ ਲੰਬੇ ਸਮੇਂ ਤੋਂ ਫਰਾਰ ਚੱਲਦੇ ਆ ਰਹੇ ਸਨ।