ਵੱਡੀ ਵਾਰਦਾਤ : ਕੋਠੀ ਮਾਲਕ ਦੇ ਘਰ 14 ਸਾਲਾ ਕੁੜੀ ਦੀ ਫ਼ਾਹੇ ਨਾਲ ਲਟਕਦੀ ਮਿਲੀ ਲਾਸ਼, ਭੜਕ ਉੱਠੇ ਲੋਕ

nawanpunjab.com

ਲੁਧਿਆਣਾ- ਦੁਸਹਿਰਾ ਗਰਾਊਂਡ ਦੇ ਨੇੜੇ ਸਥਿਤ ਉਪਕਾਰ ਨਗਰ ‘ਚ ਕੋਠੀ ਅੰਦਰ ਕੰਮ ਕਰਨ ਵਾਲੀ ਨਾਬਾਲਗ ਕੁੜੀ ਦੀ ਫ਼ਾਹੇ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਕੋਠੀ ਮਾਲਕ ਨੇ ਉਨ੍ਹਾਂ ਦੀ ਧੀ ਦਾ ਕਤਲ ਕਰਕੇ ਪੁਲਸ ਨੂੰ ਗੁੰਮਰਾਹ ਕਰਨ ਲਈ ਖ਼ੁਦਕੁਸ਼ੀ ਦਾ ਰੂਪ ਦਿੱਤਾ ਹੈ। ਮ੍ਰਿਤਕ ਨਾਬਾਲਗ ਕੁੜੀ ਦੀ ਪਛਾਣ ਕਾਜਲ (14) ਦੇ ਰੂਪ ‘ਚ ਹੋਈ ਹੈ। ਕੁੜੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਅਤੇ ਹੋਰ ਪਰਵਾਸੀ ਲੋਕ ਕੋਠੀ ਦੇ ਬਾਹਰ ਇਕੱਠੇ ਹੋ ਗਏ। ਸੂਚਨਾ ਤੋਂ ਬਾਅਦ ਜੁਆਇੰਟ ਸੀ. ਪੀ., ਏ. ਸੀ. ਪੀ. ਹਰਿਸ਼ ਬਹਿਲ, ਏ. ਸੀ. ਪੀ. ਮਨਿੰਦਰ ਬੇਦੀ ਅਤੇ ਕੋਈ ਥਾਣਿਆਂ ਦੀ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਸ ਦੇ ਪੁੱਜਦੇ ਹੀ ਪਰਿਵਾਰ ਵਾਲਿਆਂ ਨੇ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਜਦੋਂ ਉਨ੍ਹਾਂ ਨੇ ਘਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਧੱਕਾ-ਮੁੱਕੀ ਦੇ ਨਾਲ ਹੱਥੋਪਾਈ ਵੀ ਕੀਤੀ। ਜਦੋਂ ਪੁਲਸ ਨੇ ਲੋਕਾਂ ਨੂੰ ਪਿੱਛੇ ਕਰਨਾ ਚਾਹਿਆ ਤਾਂ ਗੁੱਸੇ ‘ਚ ਆਏ ਲੋਕਾਂ ਨੇ ਪਥਰਾਅ ਵੀ ਕੀਤਾ। ਪੁਲਸ ਨੇ ਮੌਕੇ ‘ਤੇ ਹਲਕਾ ਬਲ ਪ੍ਰਯੋਗ ਵੀ ਕੀਤਾ। ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਕਾਜਲ ਦੇ ਪਿਤਾ ਮਟਰੀ ਰਿਕਸ਼ਾ ਚਾਲਕ ਹਨ ਅਤੇ ਪੂਰਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਉਨਾਵ ਦਾ ਰਹਿਣ ਵਾਲਾ ਹੈ। ਕਾਜਲ ਉਪਕਾਰ ਨਗਰ ਸਥਿਤ ਇਕ ਕੋਠੀ ‘ਚ ਘਰੇਲੂ ਕੰਮਕਾਜ ਕਰਦੀ ਸੀ।
ਉਸ ਦੀ ਮਾਂ ਸੁਮਨ ਦਾ ਕਹਿਣਾ ਹੈ ਕਿ ਉਹ ਸਵੇਰੇ ਕੰਮ ‘ਤੇ ਜਾਣ ਲਈ ਨਿਕਲੀ ਅਤੇ ਦੁਪਹਿਰ ਨੂੰ ਘਰ ਦਾ ਸਮਾਨ ਦੇ ਕੇ ਵਾਪਸ ਆਪਣੇ ਕੰਮ ‘ਤੇ ਚਲੀ ਗਈ ਸੀ। ਉਸ ਸਮੇਂ ਤੱਕ ਸਭ ਕੁੱਝ ਸਹੀ ਸੀ। ਅਚਾਨਕ ਸ਼ਾਮ ਦੇ ਕਰੀਬ 6 ਵਜੇ ਪਰਿਵਾਰ ਵਾਲਿਆਂ ਨੂੰ ਕੋਠੀ ਮਾਲਕ ਦਾ ਫੋਨ ਆਇਆ ਅਤੇ ਉਸ ਨੇ ਕੋਠੀ ‘ਚ ਬੁਲਾਇਆ। ਉੱਥੇ ਪੁੱਜਣ ‘ਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਕਾਜਲ ਦੇ ਮਰਨ ਦੀ ਸੂਚਨਾ ਮਿਲਦੇ ਹੀ ਉਸ ਦੇ ਗੁਆਂਢ ‘ਚ ਰਹਿਣ ਵਾਲੇ ਲੋਕ ਵੀ ਉੱਥੇ ਆ ਗਏ। ਮਾਂ ਸੁਮਨ ਦਾ ਦੋਸ਼ ਹੈ ਕਿ ਜਦੋਂ ਉਹ ਕਮਰੇ ‘ਚ ਪਹੁੰਚੇ ਤਾਂ ਕਾਜਲ ਦੇ ਮੂੰਹ ‘ਚ ਇਕ ਰੁਮਾਲ ਸੀ, ਜੋ ਕਿ ਖ਼ੂਨ ਨਾਲ ਭਿੱਜਿਆ ਹੋਇਆ ਸੀ। ਉਸ ਦਾ ਦੋਸ਼ ਹੈ ਕਿ ਉਸ ਦੀ ਧੀ ਨੇ ਕੋਈ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ ਅਤੇ ਉਸ ਨੂੰ ਖ਼ੁਦਕੁਸ਼ੀ ਦਾ ਰੂਪ ਦਿੱਤਾ ਗਿਆ ਹੈ।
ਮਾਂ ਸੁਮਨ ਨੇ ਦੋਸ਼ ਲਾਇਆ ਕਿ ਉਸ ਦੀ ਧੀ ਉਕਤ ਘਰ ‘ਚ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਸੀ। ਘਰ ਮਾਲਕ ਦੀ ਪਤਨੀ ਕੁੱਝ ਸਮੇਂ ਤੋਂ ਹਸਪਤਾਲ ‘ਚ ਦਾਖ਼ਲ ਹੈ। 4 ਜਾਂ 5 ਦਿਨ ਪਹਿਲਾਂ ਘਰ ਮਾਲਕ ਨੇ ਉਸ ਦੀ ਧੀ ਨੂੰ ਰਾਤ ਨੂੰ ਕੰਮ ‘ਤੇ ਰੱਖਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਨੂੰ ਰਾਤ ਵੇਲੇ ਉੱਥੇ ਛੱਡ ਦਿੱਤਾ। ਜਦੋਂ ਅਗਲੀ ਸਵੇਰੇ ਉਸ ਦੀ ਧੀ ਘਰ ਆਈ ਤਾਂ ਉਸ ਨੇ ਦੱਸਿਆ ਸੀ ਕਿ ਉਸ ਦੇ ਕੋਠੀ ਮਾਲਕ ਨੇ ਉਸ ਨਾਲ ਛੇੜਛਾੜ ਕੀਤੀ ਸੀ। ਇਸ ਲਈ ਉਨ੍ਹਾਂ ਨੇ ਕੋਠੀ ਮਾਲਕ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਉਨ੍ਹਾਂ ਦੀ ਧੀ ਉੱਥੇ ਕੰਮ ਨਹੀਂ ਕਰੇਗੀ ਪਰ ਉਸ ਨੇ ਮਿੰਨਤ ਕਰਕੇ ਧੀ ਨੂੰ ਦੁਬਾਰਾ ਬੁਲਾਇਆ ਸੀ ਕਿ ਉਸ ਦੀ ਪਤਨੀ ਬੀਮਾਰ ਹੈ ਅਤੇ ਜਦੋਂ ਉਸ ਦੀ ਪਤਨੀ ਘਰ ਆ ਜਾਵੇਗੀ ਤਾਂ ਉਨ੍ਹਾਂ ਦੀ ਧੀ ਕੰਮ ਛੱਡ ਦੇਵੇ ਪਰ ਅਚਾਨਕ ਉਨ੍ਹਾਂ ਨੂੰ ਧੀ ਦੀ ਮੌਤ ਦੀ ਖ਼ਬਰ ਮਿਲ ਗਈ।

Leave a Reply

Your email address will not be published. Required fields are marked *