ਚੰਡੀਗੜ੍ਹ- ਵਿੱਕੀ ਮਿੱਡੂਖੇੜਾ ਦੇ ਕਤਲ ਦੇ ਮਾਮਲੇ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੀ ਅੰਤ੍ਰਿਮ ਜ਼ਮਾਨਤ ਸਮੇਤ ਦੋ ਪਟੀਸ਼ਨਾਂ ’ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ’ਚ ਸੁਣਵਾਈ ਕੀਤੀ ਗਈ। ਇਸ ਕੇਸ ’ਚ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਕੋਰਟ ਨੇ ਵਿੱਕੀ ਮਿੱਡੂਖੇੜਾ ਮਾਮਲੇ ’ਚ ਪੰਜਾਬ ਪੁਲਸ ਦੀ ਜਾਂਚ ’ਤੇ ਸਵਾਲ ਚੁੱਕੇ ਹਨ। ਕਿਹਾ ਕਿ ਇਸ ਮਾਮਲੇ ’ਚ ਕੀ ਤੁਸੀਂ ਸਾਇੰਟਫਿਕ ਜਾਂਚ ਕੀਤੀ, ਸਿਰਫ਼ ਟਾਵਰ ਲੋਕੇਸ਼ਨ ਦੇ ਆਧਾਰ ’ਤੇ ਕਿਸੇ ਨੂੰ ਅਪਰਾਧੀ ਨਹੀਂ ਮੰਨਿਆ ਜਾ ਸਕਦਾ।
ਸਰਕਾਰੀ ਵਕੀਲ ਸ਼ਗਨਪ੍ਰੀਤ ਦੀ ਟਾਵਰ ਲੋਕੇਸ਼ਨ ਦਾ ਹਵਾਲਾ ਦੇ ਰਹੇ ਸਨ। ਇਸ ’ਤੇ ਕੋਰਟ ਨੇ ਵਕੀਲ ਨੂੰ ਟੋਕਦੇ ਹੋਏ ਕਿਹਾ ਕਿ ਕੀ ਆਈ. ਐੱਮ. ਈ. ਆਈ. ਨੰਬਰ ਅਤੇ ਨੰਬਰ ਦੀ ਲੋਕੇਸ਼ਨ ਦੀ ਵੀ ਜਾਂਚ ਕੀਤੀ ਤਾਂ ਇਸ ’ਤੇ ਸਰਕਾਰੀ ਵਕੀਲ ਨੇ ਕਿਹਾ ਕਿ ਨਹੀਂ। ਸਰਕਾਰੀ ਵਕੀਲ ਨੇ ਮੰਨਿਆ ਕਿ ਇਸ ਤਰ੍ਹਾਂ ਦੀ ਜਾਂਚ ’ਚ ਅਸੀਂ ਪਿੱਛੇ ਹਾਂ। ਵਿੱਕੀ ਮਿੱਡੂਖੇੜਾ ਕਤਲ ਕੇਸ ’ਚ ਸ਼ਗਨਪ੍ਰੀਤ ਨੇ ਜ਼ਮਾਨਤ ਦੇ ਨਾਲ-ਨਾਲ ਆਪਣੀ ਸੁਰੱਖਿਆ ਦੀ ਵੀ ਅਪੀਲ ਕੀਤੀ ਸੀ।
ਪਿਛਲੇ ਸਾਲ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ‘ਚ ਦੋਸ਼ੀ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਨੇ ਹਾਈਕੋਰਟ ‘ਚ ਦੋ ਪਟੀਸ਼ਨਾਂ ਦਾਇਰ ਕਰਕੇ ਸੁਰੱਖਿਆ ਦੇ ਨਾਲ-ਨਾਲ ਆਪਣੀ ਜ਼ਮਾਨਤ ਦੀ ਮੰਗ ਵੀ ਕੀਤੀ ਸੀ। ਜਿਸ ‘ਤੇ ਦੋਵਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ | ਸ਼ਗਨਪ੍ਰੀਤ ਨੇ ਵੀ ਖ਼ਤਰੇ ਦਾ ਹਵਾਲਾ ਦਿੰਦਿਆਂ ਗੋਲਡੀ ਬਰਾੜ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।