ਮੋਗਾ- ਪੰਜਾਬ ’ਚ ਵਾਪਰੀਆਂ ਬੇਅਦਬੀ ਦੇ ਮਾਮਲਿਆਂ ਦੀਆਂ ਘਟਨਾਵਾਂ ’ਤੇ ਮੋਗਾ ਦੀ ਅਦਾਲਤ ਵੱਲੋਂ ਸਭ ਤੋਂ ਪਹਿਲਾ ਅਤੇ ਵੱਡਾ ਫ਼ੈਸਲਾ ਆਇਆ ਹੈ। ਮੋਗਾ ਵਿਖੇ ਪਿੰਡ ਮੱਲਕੇ ’ਚ 2015 ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਮੋਗਾ ਦੇ ਪਿੰਡ ਮੱਲਕੇ ’ਚ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਅੱਜ ਆਏ ਫ਼ੈਸਲੇ ਨੂੰ ਲੈ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਲਈ ਚੱਪੇ-ਚੱਪੇ ’ਤੇ ਮੋਗਾ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਹਰੀ ਜ਼ਿਲ੍ਹਿਆਂ ਤੋਂ ਵੀ ਫ਼ੋਰਸ ਮੰਗਵਾਈ ਗਈ ਸੀ।
ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਘਟਨਾ ਦੇ ਮੁੱਖ ਗਵਾਹ ਗੁਰਸੇਵਕ ਸਿੰਘ ਮੱਲ ਨੇ ਕਿਹਾ ਕਿ ਅਸੀਂ 2015 ਤੋਂ ਲਗਾਤਾਰ ਅਦਾਲਤਾਂ ’ਚ ਧੱਕੇ ਖਾ ਰਹੇ ਸੀ। ਇਥੋਂ ਤੱਕ ਕਿ ਡੇਰਾ ਪ੍ਰੇਮੀਆਂ ਵੱਲੋਂ ਇਸ ਕੇਸ ਨੂੰ ਮਾਣਯੋਗ ਹਾਈ ਕੋਰਟ ਵੀ ਲਿਜਾਇਆ ਗਿਆ, ਜਿੱਥੋਂ ਮਾਣਯੋਗ ਅਦਾਲਤ ਨੇ ਇਸ ਨੂੰ ਮੋਗਾ ਅਦਾਲਤ ’ਚ ਭੇਜ ਦਿੱਤਾ ਸੀ। ਸਾਨੂੰ ਪੂਰਾ ਭਰੋਸਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਜ਼ਰੂਰ ਸਜ਼ਾ ਮਿਲੇਗੀ। ਅੱਜ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਹੈ।
ਸਾਲ 2015 ’ਚ ਕੁਝ ਡੇਰਾ ਪ੍ਰੇਮੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਪਾੜ ਕੇ ਗਲੀਆਂ ’ਚ ਖਿਲਾਰਿਆ ਗਿਆ ਸੀ, ਜਿਸ ਤੋਂ ਬਾਅਦ ਪਿੰਡ ਦੇ ਇਲਾਕੇ ਦੀ ਸੰਗਤ ਵੱਲੋਂ ਇਸ ਸਬੰਧ ’ਚ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ’ਚ ਨਾਮਜ਼ਦ 8 ਵਿਅਕਤੀ ਖ਼ਿਲਾਫ਼ ਅੱਜ ਮੋਗਾ ਮਾਣਯੋਗ ਅਦਾਲਤ ’ਚ ਸੁਣਵਾਈ ਕੀਤੀ ਗਈ। ਦੱਸ ਦੇਈਏ ਕਿ ਅੱਜ 5 ਡੇਰਾ ਪ੍ਰੇਮੀਆਂ ਨੂੰ ਮਾਣਯੋਗ ਅਦਾਲਤ ’ਚ ਲਿਆਂਦਾ ਗਿਆ ਜਦਕਿ ਤਿੰਨ ਵਿਅਕਤੀ ਪੀ. ਓ. ਦੱਸੇ ਜਾ ਰਹੇ ਹਨ। ਇਨ੍ਹਾਂ ’ਚੋਂ ਤਿੰਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ।