ਜਲੰਧਰ : ਪੰਜਾਬ ’ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੁਣ ਸਾਬਕਾ ਸਰਕਾਰ ਦੇ ਮੰਤਰੀਆਂ ’ਤੇ ਗਾਜ ਡੇਗਣ ਦੀਆਂ ਤਿਆਰੀ ’ਚ ਹੈ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਆਮ ਆਦਮੀ ਪਾਪਟੀ ਦੀ ਸਰਕਾਰ ਪਿਛਲੇ ਸਰਕਾਰਾਂ ਵਿਚ ਹੋਏ ਵੱਡੇ ਘਪਲਿਆਂ ਦੀ ਜਾਂਚ ਕਰ ਰਹੀ ਹੈ, ਦੋਸ਼ੀਆਂ ਦੇ ਨਾਮ ਜਲਦ ਜਨਤਕ ਕੀਤੇ ਜਾਣਗੇ। ਦੱਸਣਯੋਗ ਹੈ ਕਿ ਸਾਬਕਾ ਸਰਕਾਰ ਦੇ ਇਕ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵਿਰੁੱਧ ਕਾਰਵਾਈ ਤੋਂ ਬਾਅਦ ਕੁੱਝ ਸਾਬਕਾ ਮੰਤਰੀ ਸਰਕਾਰ ਦੀ ਰਾਡਾਰ ’ਤੇ ਹਨ। ਵਿਜੀਲੈਂਸ ਨੂੰ ਹੋਰ ਸਾਬਕਾ ਮੰਤਰੀਆਂ ਦਾ ਰਿਕਾਰਡ ਖੰਘਾਲਣ ਨੂੰ ਕਿਹਾ ਗਿਆ ਸੀ।
ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬਹਿਸ ਦੌਰਾਨ ਵੀ ਅਜਿਹੇ ਸੰਕੇਤ ਮਿਲੇ ਸਨ ਕਿ ਸਰਕਾਰ ਜਲਦੀ ਹੀ ਸਾਬਕਾ ਮੰਤਰੀਆਂ ’ਤੇ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਵਿਰੋਧੀ ਕਾਂਗਰਸ ਨੇ ਵੀ ਵਿਧਾਨ ਸਭਾ ਵਿਚ ਕਿਹਾ ਸੀ ਕਿ ਸਰਕਾਰ ਉਨ੍ਹਾਂ ਦੇ ਵਿਧਾਇਕਾਂ ਨੂੰ ਕਾਰਵਾਈ ਦੇ ਨਾਮ ’ਤੇ ਧਮਕਾ ਰਹੀ ਹੈ। ਬਜਟ ਸੈਸ਼ਨ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਸੀ ਕਿ ਪੰਜਾਬ ਦੀ ਜੇਲ ਵਿਚ ਬੰਦ ਰਹੇ ਗੈਂਗਸਟਰ ਮੁਖਤਾਰ ਅੰਸਰੀ ਨੂੰ ਵੀ. ਆਈ. ਪੀ. ਸਹੂਲਤਾਂ ਦਿੱਤੀਆਂ ਗਈਆਂ ਸਨ ਜਿਸ ’ਤੇ 55 ਲੱਖ ਰੁਪਏ ਦਾ ਬਿੱਲ ਆਇਆ ਹੈ, ਇਸ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਰਪਾਲ ਚੀਮਾ ਵਲੋਂ ਜਦੋਂ ਸਦਨ ਵਿਚ ਇਹ ਬਿਆਨ ਦਿੱਤਾ ਗਿਆ, ਉਸ ਸਮੇਂ ਸਾਬਕਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਧਾਇਕ ਦੇ ਰੂਪ ਵਿਚ ਸਦਨ ਵਿਚ ਮੌਜੂਦ ਸਨ।
ਪੰਚਾਇਤੀ ਜ਼ਮੀਨ ਘਪਲੇ ਨੂੰ ਲੈ ਕੇ ਸਾਬਕਾ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸਦਨ ਵਿਚ ਮੌਜੂਦ ਸਨ। ਸਾਬਕਾ ਟਰਾਂਸਪੋਰਟ ਮੰਤਰੀ ਅਤੇ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੱਸਾਂ ਦੀ ਖਰੀਦ ਦੇ ਮਾਮਲੇ ਵਿਚ ਸਰਕਾਰ ਦੇ ਨਿਸ਼ਾਨੇ ’ਤੇ ਹਨ। ਜਦਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ 2 ਹੋਰ ਮੰਤਰੀ ਵੀ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ।
ਸਾਬਕਾ ਸਰਕਾਰ ਨੂੰ ਮਿਲੀਆਂ ਸਨ ਭ੍ਰਿਸ਼ਟਾਚਾਰ ਸੰਬੰਧੀ ਫਾਇਲਾਂ
ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਟੈਂਡਰਾਂ ਦਾ ਮਾਮਲਾ ਮੁੱਖ ਹੈ, ਜਦਕਿ ਨਾਜਾਇਜ਼ ਖਨਨ ਵਿਚ ਇਕ ਦਰਜ ਤੋਂ ਵੱਧ ਸਾਬਕਾ ਵਿਧਾਇਕਾਂ ਦੇ ਨਾਮ ਵੀ ਦਦੱਸੇ ਜਾ ਰਹੇ ਹਨ। ਅਧਿਕਾਰੀਆਂ ਦੇ ਨਾਮ ਵੀ ਮੰਤਰੀਆਂ ਦੇ ਨਾਲ ਲਏ ਜਾ ਰਹੇ ਹਨ। ਦਿਲਚਸਪ ਗੱਲ ਇ ਵੀ ਹੈ ਕਿ ਸਾਬਕਾ ਸਰਕਾਰ ਵਿਚ ਦੋ ਮੰਤਰੀਆਂ ਅਤੇ ਕੁੱਝ ਵਿਧਾਇਕਾਂ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀਆਂ ਫਾਈਲਾਂ ਦਿੱਤੀਆੰ ਗਈਆਂ ਸਨ, ਜਿਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਫਾਈਲਾਂ ਨੂੰ ਹੁਣ ਚੁੱਕਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ75 ਸਾਲਾਂ ਵਿਚ ਵਿਰੋਧੀ ਪਾਰਟੀਆੰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਕਰਜ਼ੇ ’ਚ ਡੁਬੋ ਦਿੱਤਾ ਹੈ। ਉਨ੍ਹਾਂ ਦੀ ਸਰਕਾਰ ਸਰਕਾਰੀ ਖਜ਼ਾਨੇ ਨੂੰ ਭਰ ਕੇ ਸੂਬੇ ਦੀ ਖਰਾਬ ਆਰਥਿਕ ਸਥਿਤੀ ’ਚ ਜਲਦੀ ਹੀ ਸੁਧਾਰ ਕਰੇਗੀ।
ਵੱਡੀ ਕਾਰਵਾਈ ਦੀ ਤਿਆਰੀ ’ਚ ਭਗਵੰਤ ਮਾਨ ਸਰਕਾਰ, ਸਾਬਕਾ ਮੰਤਰੀ ਤੇ ਵਿਧਾਇਕ ਰਡਾਰ ’ਤੇ
