ਸਪੋਰਟਸ ਡੈਸਕ- ਪਾਰੀ ਦਾ ਆਗਾਜ਼ ਕਰਨ ਆਏ ਦੀਪਕ ਹੁੱਡਾ (ਅਜੇਤੂ 47) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ’ਤੇ ਭਾਰਤ ਨੇ ਐਤਵਾਰ ਨੂੰ ਇੱਥੇ ਆਇਰਲੈਂਡ ਵਿਰੁੱਧ 2 ਮੈਚਾਂ ਦੀ ਸੀਰੀਜ਼ ਦੇ ਮੀਂਹ ਪ੍ਰਭਾਵਿਤ ਪਹਿਲੇ ਟੀ-20 ਮੈਚ ਨੂੰ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਤੇ ਇਸ ਨੂੰ 12-12 ਓਵਰਾਂ ਦਾ ਕਰ ਦਿੱਤਾ ਗਿਆ। ਕਿਣਮਿਣ ਦੇ ਕਾਰਨ ਟਾਸ ਵਿਚ ਦੇਰੀ ਹੋਈ ਸੀ ਤੇ ਟਾਸ ਤੋਂ ਬਾਅਦ ਫਿਰ ਰੁਕ-ਰੁਕ ਕੇ ਕਈ ਵਾਰ ਮੀਂਹ ਪੈਣ ਕਾਰਨ ਮੈਚ ਸ਼ੁਰੂ ਹੋਣ ਵਿਚ ਦੇਰੀ ਹੋਈ। ਆਇਰਲੈਂਡ ਨੇ ਹੈਰੀ ਟੈਕਟਰ ਦੀ ਅਜੇਤੂ 64 ਦੌੜਾਂ ਦੀ ਪਾਰੀ ਦੇ ਦਮ ’ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ਦੇ ਨੁਕਸਾਨ ’ਤੇ 12 ਓਵਰਾਂ ਵਿਚ 108 ਦੌੜਾਂ ਬਣਾਈਆਂ।
ਭਾਰਤ ਨੇ 16 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਹੁੱਡਾ ਨੇ 29 ਗੇਂਦਾਂ ਦੀ ਅਜੇਤੂ ਪਾਰੀ ਵਿਚ 6 ਚੌਕੇ ਤੇ 2 ਛੱਕੇ ਲਾਏ। ਉਸ ਨੂੰ ਇਸ਼ਾਨ ਕਿਸ਼ਨ (11 ਗੇਂਦਾਂ ’ਤੇ 26 ਦੌੜਾਂ) ਤੇ ਕਪਤਾਨ ਹਾਰਦਿਕ ਪੰਡਯਾ (12 ਗੇਂਦਾਂ ’ਤੇ 24 ਦੌੜਾਂ) ਦਾ ਸ਼ਾਨਦਾਰ ਸਾਥ ਮਿਲਿਆ। ਆਇਰਲੈਂਡ ਲਈ ਕ੍ਰੇਗ ਯੰਗ ਨੇ 2 ਤੇ ਜੋਸ਼ ਲਿਟਲ ਨੇ 1 ਵਿਕਟ ਲਈ।ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਆਇਰਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਬੁਲਾਇਆ ਅਤੇ ਸਿਰਫ 22 ਦੌੜਾਂ ’ਤੇ 3 ਵਿਕਟਾਂ ਲੈ ਲਈਆਂ। ਕੈਪਟਨ ਐਂਡਰਿਊ ਬਾਲਬ੍ਰਾਇਨ ਬਿਨਾਂ ਸਕੋਰ ਆਊਟ ਹੋ ਗਿਆ, ਜਦੋਂਕਿ ਪਾਲ ਸਟਰਲਿੰਗ ਨੇ 4 ਅਤੇ ਗੈਰੇਥ ਡੇਲਾਨੀ ਨੇ 8 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੈਰੀ ਟੈਕਟਰ ਨੇ ਲੋਕਰਨ ਟਕਰ ਦੇ ਨਾਲ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਟਕਰ ਨੇ 16 ਗੇਂਦਾਂ ’ਤੇ 2 ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ। ਆਇਰਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟੈਕਟਰ ਨੇ 33 ਗੇਂਦਾਂ ’ਤੇ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾ ਕੇ ਆਇਰਲੈਂਡ ਨੂੰ 12 ਓਵਰਾਂ ’ਚ 108 ਦੌੜਾਂ ਤਕ ਪਹੁੰਚਾਇਆ।