ਉਜਾਗਰ ਸਿੰਘ
ਅਕਾਲੀ ਦਲ ਬਾਦਲ ਆਪਣੀ ਖੁੱਸੀ ਸਿਆਸੀ ਜ਼ਮੀਨ ਦੀ ਤਲਾਸ਼ ਵਿੱਚ ਹੈ। ਪੰਥਕ ਸੋਚ ਤੋਂ ਕਿਨਾਰਾ ਕਰਨ ਤੋਂ ਬਾਅਦ ਗ਼ਲਤੀ ਦਰ ਗ਼ਲਤੀ ਦਾ ਨਤੀਜਾ ਭੁਗਤ ਰਿਹਾ ਹੈ। ਬਾਦਲ ਦਲ ਦੀ ਕੋਰ ਕਮੇਟੀ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਨਮੋਸ਼ੀਜਨਕ ਹਾਰ ਦੀ ਸਮੀਖਿਆ ਕਰਨ ਲਈ ਵਿਧਾਨਕਾਰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਬਣਾਈ ਗਈ 13 ਮੈਂਬਰੀ ਸਬ ਕਮੇਟੀ ਨੇ ਸਰਬਸੰਮਤੀ ਨਾਲ ਦੋ ਮਹੱਤਵਪੂਰਨ ਸਿਫ਼ਰਸ਼ਾਂ ਕੀਤੀਆਂ ਹਨ। ਪਹਿਲੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਅਤੇ ਦੂਜੀ 2007 ਤੋਂ 2017 ਵਿੱਚ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਜਿਹੜੀਆਂ ਗ਼ਲਤੀਆਂ ਕੀਤੀਆਂ ਹਨ, ਉਨ੍ਹਾਂ ਦੀ ਅਕਾਲ ਤਖ਼ਤ ‘ਤੇ ਜਾ ਕੇ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਦੀ ਸਿਫ਼ਾਰਸ਼ ਕੀਤੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੁਆਫੀ ਤਾਂ ਇਕ ਵਾਰ ਪਹਿਲਾਂ ਵੀ ਲੀਡਰਸ਼ਿਪ ਮੰਗ ਚੁੱਕੀ ਹੈ ਪ੍ਰੰਤੂ ਉਦੋਂ ਜਨਰਲ ਮੁਆਫ਼ੀ ਮੰਗੀ ਸੀ। ਹੁਣ ਸਬ ਕਮੇਟੀ ਨੇ ਹਰ ਗ਼ਲਤੀ ਬਾਰੇ ਸ਼ਪਸ਼ਟ ਲਿਖਕੇ ਗ਼ਲਤੀ ਮੰਗਣ ਲਈ ਕਿਹਾ ਹੈ। ਹੋਰ ਵੀ ਬਹੁਤ ਸਾਰੀਆਂ ਮਹੱਤਪੂਰਨ ਸਿਫ਼ਰਸ਼ਾਂ ਹਨ, ਵੇਖਣ ਵਾਲੀ ਗੱਲ ਇਹ ਹੈ ਕਿ ਕੀ ਇਸ ਸਿਫ਼ਾਰਸ਼ ਨੂੰ ਮੰਨਿਆਂ ਵੀ ਜਾਵੇਗਾ? ਇਸ ਤੋਂ ਪਹਿਲਾਂ ਵੀ ਇਕ ਵਾਰ ਇਹ ਸੁਝਾਅ ਆਇਆ ਕਿ ਪਾਰਟੀ ਪ੍ਰਧਾਨ 6 ਮਹੀਨੇ ਲਈ ਪਿਛੇ ਹਟ ਜਾਣ ਤੇ ਪ੍ਰੀਜੀਡੀਅਮ ਬਣਾ ਦਿੱਤੀ ਜਾਵੇ ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਇਹ ਸਲਾਹ ਮੰਨੀ ਨਹੀਂ ਸੀ। ਕੁਰਸੀ ਛੱਡਣੀ ਸੌਖੀ ਗੱਲ ਨਹੀਂ। ਹੁਣ ਵੀ ਇਸ ਸਬ ਕਮੇਟੀ ਦੀ ਰਿਪੋਰਟ ਮੰਨੀ ਜਾਣ ਦੀ ਕੋਈ ਉਮੀਦ ਨਹੀਂ। ਕੀ ਪੰੰਥਕ ਹਿਤਾਂ ਤੋਂ ਕਿਨਾਰਾ ਕਰਕੇ ਮੁੜ ਸਥਾਪਤ ਹੋਣ ਲਈ ਅਕਾਲੀ ਦਲ ਬਾਦਲ ਪੰਥ ਨੂੰ ਮੋਹਰਾ ਬਣਾ ਕੇ ਵਰਤਣ ਦੀ ਕੋਸ਼ਿਸ਼ ਕਾਰਗਰ ਸਾਬਤ ਹੋ ਸਕਦੀ ਹੈ? ਸਿੱਖ ਵਿਚਾਰਧਾਰਾ ਦੀ ਪਹਿਰੇਦਾਰ ਕਹਾਉਣ ਵਾਲੀ ਪੰਥਕ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਜਦੋਂ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਦਾ ਮੌਕਾ ਵੋਟਰਾਂ ਨੇ ਲਗਾਤਰ 10 ਸਾਲ ਦਿੱਤਾ ਤਾਂ ਉਹ ਸਿਆਸੀ ਤਾਕਤ ਦੇ ਨਸ਼ੇ ਵਿੱਚ ਭਟਕ ਕੇ ਸਿੱਖ ਵਿਚਾਰਧਾਰਾ ਅਤੇ ਪੰਥਕ ਸੋਚ ਨੂੰ ਅਣਗੌਲਿਆਂ ਕਰਨ ਲੱਗ ਪਈ। ਇਥੇ ਹੀ ਬਸ ਨਹੀਂ ਸਗੋਂ ਸਿੱਖ ਸਿਧਾਂਤਾਂ ਦੇ ਉਲਟ ਹੁਕਮ ਕਰਨੇ ਜ਼ਾਰੀ ਕਰ ਦਿੱਤੇ। ਸਿੱਖ ਸੰਸਥਾਵਾਂ ਅਤੇ ਪਰੰਪਰਾਵਾਂ ਨੂੰ ਤਿਲਾਂਜ਼ਲੀ ਦੇ ਦਿੱਤੀ ਹੁਣ ਜਦੋਂ ਸਿਆਸੀ ਤਾਕਤ ਖੁਸ ਗਈ ਤਾਂ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਦੀ ਹਾਲ ਦੁਹਾਈ ਪਾਈ ਜਾ ਰਹੀ ਹੈ। ਜਿਵੇਂ ਇਕ ਕਹਾਵਤ ਹੈ ‘ਵਕਤੋਂ ਖੁੰਝੀ ਡੂਮਣੀ ਕਰਦੀ ਆਲ ਮਟੋਲੇ’ ਉਹ ਹਾਲਤ ਹੁਣ ਬਾਦਲ ਅਕਾਲੀ ਦੀ ਬਣੀ ਪਈ ਹੈ। ਹੁਣ ਪਲਾਹ ਸੋਟੇ ਮਾਰੇ ਜਾ ਰਹੇ ਹਨ। ਨਮੋਸ਼ੀ ਨੂੰ ਜੋਸ਼ ਵਿੱਚ ਬਦਲਣ ਲਈ ਅੰਤਰਝਾਤ ਮਾਰਕੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੁੰਦੀ ਹੈ। ਗ਼ਲਤੀਆਂ, ਸਫਲਤਾਵਾਂ ਅਤੇ ਅਸਫਲਤਾਵਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ। ਪ੍ਰੰਤੂ ਉਨ੍ਹਾਂ ਤੋਂ ਸਬਕ ਸਿੱਖਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਸਿਆਸੀ ਪਾਰਟੀਆਂ ਹਮਖਿਆਲੀ ਵਿਚਾਰਧਾਰਾਵਾਂ ਵਾਲੇ ਇਨਸਾਨਾ ਦਾ ਸੰਗਠਨ ਹੁੰਦੇ ਹਨ। ਜਦੋਂ ਅਜਿਹੇ ਸੰਗਠਨਾ ‘ਤੇ ਇਕ ਪਰਿਵਾਰ ਦਾ ਏਕਾ ਅਧਿਕਾਰ ਹੋ ਜਾਂਦਾ ਹੈ ਤਾਂ ਸੰਗਠਨ ਦਾ ਪਤਨ ਹੋਣਾ ਅਵਸ਼ਕ ਹੁੰਦਾ ਹੈ ਕਿਉਂਕਿ ਹਮਖਿਆਲ ਲੋਕਾਂ ਦੇ ਵਿਚਾਰਾਂ ਨੂੰ ਅਣਡਿਠ ਕੀਤਾ ਜਾਣ ਲੱਗ ਜਾਂਦਾ ਹੈ। ਸ਼ਰੋਮਣੀ ਅਕਾਲੀ ਦਲ ਬਾਦਲ ਦਾ ਵੀ ਇਸੇ ਕਰਕੇ ਇਹ ਹਸ਼ਰ ਹੋਇਆ ਹੈ ਕਿ ਇਸ ਸੰਗਠਨ ਵਿੱਚ ਹਮਖਿਆਲੀਆਂ ਨੂੰ ਦਰਕਿਨਾਰ ਕੀਤਾ ਗਿਆ। ਪਾਰਟੀ ਦੇ ਨੇਤਾ ਪਰਿਵਾਰਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਵਿੱਚ ਅਸਫਲ ਰਹੇ।
ਅਹੁਦਿਆਂ ਦੇ ਲਾਲਚ ਅਤੇ ਚਾਪਲੂਸੀ ਨੇ ਇਕ ਸਦੀ ਤੋਂ ਵੀ ਪੁਰਾਣੇ ਜੁਝਾਰੂਆਂ ਸੰਗਠਨ ਨੂੰ ਖੋਰਾ ਲਾ ਦਿੱਤਾ। ਕਿਸੇ ਸਮੇਂ ਅਕਾਲੀ ਦਲ ਵਿੱਚ ਅਹੁਦੇ ਮਹੱਤਵਪੂਰਨ ਨਹੀਂ, ਸਗੋਂ ਵਿਚਾਰਧਾਰਾ ਮਹੱਤਵਪੂਰਨ ਹੁੰਦੀ ਸੀ। ਚਮਚਾਗਿਰੀ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ। ਜਦੋਂ ਸੰਗਠਨ ਵਿੱਚ ਚਮਚਾਗਿਰੀ ਭਾਰੂ ਹੋ ਗਈ ਤਾਂ ਸੰਗਠਨ ਦਾ ਅੰਤ ਨਜ਼ਦੀਕ ਆ ਗਿਆ। ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਨੇ ਆਪਣੀ ਵਿਚਾਰਧਾਰਾ ਨਾਲ ਸਿੰਜਿਆ ਸੀ। ਦੇਸ਼ ਦੀ ਆਜ਼ਾਦੀ ਦੀ ਜਦੋਜਹਿਦ ਅਤੇ ਮਨੁੱਖੀ ਹੱਕਾਂ ‘ਤੇ ਪਹਿਰਾ ਦੇਣ ਵਾਲੀ ਜੁਝਾਰੂਆਂ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ 20 ਫਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਅਜਿਹਾ ਖ਼ੋਰਾ ਲੱਗਿਆ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।
ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਚੜ੍ਹਕੇ ਹਿਸਾ ਇਸ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੇ ਲਿਆ ਸੀ। ਇਸ ਲੜਾਈ ਵਿੱਚ ਕੁਰਬਾਨੀਆਂ ਵੀ ਸ਼ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਹੀ ਦਿੱਤੀਆਂ ਸਨ। ਜਿਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਕੌਮੀ ਪਰਵਾਨਿਆਂ ਦੀ ਪਾਰਟੀ ਕਿਹਾ ਜਾਂਦਾ ਹੈ। ਵਰਕਰਾਂ ਅਤੇ ਨੇਤਾਵਾਂ ਦੀ ਜੀਵਨ ਸ਼ੈਲੀ ਸਮਾਜ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਸੀ। ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਨੈਤਿਕਤਾ ਦੀਆਂ ਲੀਹਾਂ ‘ਤੇ ਖੜ੍ਹਾ ਹੈ। ਸ਼ਰੋਮਣੀ ਅਕਾਲੀ ਦੀ ਸਥਾਪਨਾ ਗੁਰੂ ਘਰਾਂ ਦੀ ਵੇਖ ਭਾਲ ਕਰਨ ਦੇ ਇਰਾਦੇ ਨਾਲ ਹੋਈ ਸੀ। ਇਸ ਦੇ ਮੁੱਖੀਆਂ ਦੇ ਕਿਰਦਾਰ ਮਾਨਵਤਾ ਲਈ ਰਾਹ ਦਸੇਰਾ ਦੇ ਕੰਮ ਕਰਦੇ ਸਨ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਖਾਲੀ ਕਰਵਾਉਣ ਅਤੇ ਗੁਰੂ ਘਰਾਂ ਵਿੱਚ ਰਹਿਤ ਮਰਿਆਦਾ ਨੂੰ ਕਾਇਮ ਰੱਖਣ ਲਈ ਪਾਰਟੀ ਦੇ ਮੋਹਰੀਆਂ ਨੇ ਵਿਲੱਖਣ ਕੁਰਬਾਨੀਆਂ ਕਰਕੇ ਉਨ੍ਹਾਂ ਦੀ ਪਵਿਤਰਤਾ ਨੂੰ ਕਾਇਮ ਕੀਤਾ ਸੀ। ਅਜਿਹੇ ਸੂਰਬੀਰਾਂ ਦੀ ਪਾਰਟੀ ਦਾ ਸਫਾਇਆ ਹੋ ਜਾਣਾ ਖਾਸ ਤੌਰ ‘ਤੇ ਪਾਰਟੀ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪਾਰਟੀ ਦੇ ਸਰਪ੍ਰਸਤ ਦਿਗਜ਼ ਨੇਤਾ ਅਤੇ ਪ੍ਰਧਾਨ ਦੋਹਾਂ ਦਾ ਚੋਣ ਹਾਰ ਜਾਣਾ, ਇਸ ਤੋਂ ਵੱਡੀ ਨਮੋਸ਼ੀ ਹੋਰ ਕਿਹੜੀ ਹੋ ਸਕਦੀ ਹੈ। ਦੋਹਾਂ ਦਾ ਬੁਰੀ ਤਰ੍ਹਾਂ ਹਾਰ ਜਾਣਾ ਅਕਾਲੀ ਦਲ ਲਈ ਨਮੋਸ਼ੀ ਦਾ ਕਾਰਨ ਨਹੀਂ ਬਣਿਆਂ ਸਗੋਂ ਬਾਦਲ ਪਰਿਵਾਰ ਦੇ ਏਕਾ ਅਧਿਕਾਰ ਦਾ ਪਤਨ ਹੋਇਆ ਹੈ। ਜੇਕਰ ਸ਼ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਇਤਿਹਾਸ ਵਲ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਸ਼ਖ਼ਸੀਅਤਾਂ ਅੱਗੇ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ, ਜਿਹੜੇ ‘ਮੈਂ ਮਰਾਂ ਪੰਥ ਜੀਵੇ’ ਦੇ ਅਸੂਲ ‘ਤੇ ਪਹਿਰਾ ਦਿੰਦੇ ਸਨ। 2020 ਵਿੱਚ ਸਿੱਖ ਕੌਮ ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਮਨਾ ਕੇ ਹਟਿਆ ਹੈ। ਪ੍ਰੰਤੂ ਵਰਤਮਾਨ ਸਿੱਖ ਕੌਮ ਦੇ ਨੇਤਾਵਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਨੂੰ ਵੇਖਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ।
ਸ਼ਰੋਮਣੀ ਅਕਾਲੀ ਦਲ ਦੇ ਪਤਨ ਦਾ ਕੋਈ ਇਕ ਕਾਰਨ ਨਹੀਂ ਸਗੋਂ ਜਦੋਂ ਤੋਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਕੇ ਰਾਜ ਭਾਗ ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਪੜਾਅਵਾਰ ਅਕਾਲੀ ਦਲ ਦੀ ਰਾਜ ਸਤਾ ਹਾਸਲ ਕਰਨ ਲਈ ਅਜਿਹੇ ਕਦਮ ਚੁਕਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨਾਲ ਅਕਾਲੀ ਦਲ ਦਾ ਪੰਥਕ ਖਾਸਾ ਖ਼ਤਮ ਕੀਤਾ ਜਾਵੇ। ਉਸ ਸਮੇਂ ਕਿਸੇ ਨੇ ਪਰਕਾਸ਼ ਸਿੰਘ ਬਾਦਲ ਦੀ ਗੁਝੀ ਸਿਆਸਤ ਨੂੰ ਸਮਝਿਆ ਹੀ ਨਹੀਂ। ਬਾਦਲ ਪਰਿਵਾਰ ਨੇ ਮਹਿਸੂਸ ਕਰ ਲਿਆ ਕਿ ਜੇਕਰ ਰਾਜ ਭਾਗ ‘ਤੇ ਕਬਜ਼ਾ ਕਰਨਾ ਹੈ ਤਾਂ ਅਕਾਲੀ ਦਲ ਦੀ ਪੰਥਕ ਸੋਚ ਦੀ ਥਾਂ ਪੰਜਾਬੀਅਤ ਦੀ ਸੋਚ ਨੂੰ ਅਪਣਾਇਆ ਜਾਵੇ। ਜਦੋਂ ਕਿ ਅਕਾਲੀ ਦਲ ਹਮੇਸ਼ਾ ਸੰਕਟ ਦੀ ਘੜੀ ਵਿੱਚ ਸਿੱਖਾਂ ਦੀ ਅਵਾਜ਼ ਬਣਦਾ ਰਿਹਾ ਸੀ। ਸਿੱਖ ਪੰਥ ਦੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਹਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤੀਜੀ ਸ਼ਰੋਮਣੀ ਅਕਾਲੀ ਦਲ। ਅਕਾਲੀ ਦਲ ਨੇ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੀ ਸਰਵਉਚਤਾ ਖ਼ਤਮ ਕਰ ਦਿੱਤੀ ਤਾਂ ਅਕਾਲੀ ਦਲ ਆਪਣੇ ਆਪ ਖ਼ਤਮ ਹੋ ਗਿਆ। ਕਿਉਂਕਿ ਅਕਾਲੀ ਦਲ ਇਨ੍ਹਾਂ ਸੰਸਥਾਵਾਂ ਦੇ ਸਹਾਰੇ ਸਿਆਸੀ ਤਾਕਤ ਹਾਸਲ ਕਰਦਾ ਸੀ। ਪ੍ਰੰਤੂ ਅਕਾਲੀ ਦਲ ਨੇ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਵਿੰਗ ਬਣਾ ਲਿਆ ਜਦੋਂ ਕਿ ਅਕਾਲੀ ਦਲ ਇਨ੍ਹਾਂ ਸੰਸਥਾਵਾਂ ਦੀ ਪ੍ਰਾਪਤੀ ਕਰਕੇ ਸਫਲਤਾ ਪ੍ਰਾਪਤ ਕਰਦਾ ਸੀ। ਇਕ ਹੋਰ ਮਹੱਤਵਪੂਰਨ ਸਿੱਖ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ, ਜਿਸਨੂੰ ਅਕਾਲੀ ਦਲ ਦੀ ਨਰਸਰੀ ਕਿਹਾ ਜਾਂਦਾ ਸੀ। ਜਿਸ ਵਿੱਚੋਂ ਸਿਖਿਅਤ ਹੋਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਦਿਗਜ਼ ਨੇਤਾ ਬਣਕੇ ਆਉਂਦੇ ਸਨ। ਪਰਕਾਸ਼ ਸਿੰਘ ਬਾਦਲ ਨੇ ਉਸਦੀ ਥਾਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਬਣਾ ਲਿਆ ਤਾਂ ਜੋ ਸਿੱਖੀ ਸੋਚ ਤੋਂ ਕਿਨਾਰਾ ਕੀਤਾ ਜਾ ਸਕੇ। ਰਾਮ ਰਹੀਮ ਨੂੰ ਪੰਥ ਵਿੱਚ ਸ਼ਾਮਲ ਕਰਨ ਲਈ ਜਥੇਦਾਰ ਸਾਹਿਬਾਨਾ ਨੂੰ ਫ਼ੈਸਲੇ ਕਰਨ ਲਈ ਅਕਾਲ ਤਖ਼ਤ ਤੋਂ ਬਾਹਰ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਵਿੱਚ ਬੁਲਾਉਣਾ ਤੇ ਹੁਕਮਨਾਮਾ ਜਾਰੀ ਕਰਨ ਲਈ ਕਹਿਣਾ, ਦੂਜੀ ਵਾਰ ਢਾਹ ਲਾਈ ਸੀ। ਇਸਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਹੋਈ ਤਾਂ ਉਸਦੇ ਵਿਰੋਧ ਵਿੱਚ ਇਨਸਾਫ ਮੰਗ ਰਹੀ ਸੰਗਤ ‘ਤੇ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਵਲੋਂ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨਾ ਪੰਥਕ ਸੋਚ ਦਾ ਘਾਣ ਕਰਨਾ ਸੀ। ਅਤਵਾਦ ਦੇ ਦੌਰਾਨ ਸਿੱਖਾਂ ਤੇ ਜ਼ਿਆਦਤੀਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਚ ਅਹੁਦਿਆਂ ਤੇ ਲਗਾਇਆ ਗਿਆ। ਇਨ੍ਹਾਂ ਕਦਮਾਂ ਨੇ ਸਿੱਖਾਂ ਦੇ ਜ਼ਖ਼ਮਾ ‘ਤੇ ਲੂਣ ਛਿੜਕਣ ਦਾ ਕੰਮ ਕੀਤਾ। ਜਦੋਂ ਸਿੱਖ ਜਗਤ ਵਿੱਚ ਸਰਕਾਰ ਦੀਆਂ ਆਪ ਹੁਦਰੀਆਂ ਦਾ ਵਿਰੋਧ ਹੋਇਆ ਤਾਂ ਅਕਾਲ ਤਖ਼ਤ ਮਾਫੀ ਮੰਗਣ ਦਾ ਢਕਵੰਜ ਰਚਿਆ ਗਿਆ। ਮੁਆਫੀ ਮੰਗਣ ਵਾਲਿਆਂ ਲਈ ਪਹਿਲੀ ਵਾਰ ਮਰਿਆਦਾ ਦੀ ਉਲੰਘਣਾ ਕਰਕੇ ਦਰਬਾਰ ਸਾਹਿਬ ਵਿੱਚ ਰੈਡ ਕਾਰਪੈਟ ਵਿਛਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਜਿਵੇਂ ਉਹ ਕੋਈ ਸ਼ੁਭ ਕੰਮ ਕਰਨ ਆ ਰਹੇ ਹਨ। ਮੁਆਫੀ ਕਿਸ ਚੀਜ ਦੀ ਮੰਗੀ, ਉਹ ਵੀ ਸ਼ਪਸ਼ਟ ਨਹੀਂ ਕੀਤੀ ਗਈ। ਇਹ ਗੁਨਾਹ ਮੁਆਫ਼ੀ ਯੋਗ ਨਹੀਂ ਹਨ। 1996 ਤੋਂ ਲਗਾਤਾਰ ਅਕਾਲੀ ਦਲ ਨੂੰ 26 ਸਾਲ ਗੁੱਝੀ ਸੱਟ ਲੱਗਣ ਤੋਂ ਬਾਅਦ ਸਿੱਖ ਜਗਤ ਦੇ ਗੁੱਸੇ ਦੀ ਚਰਮ ਸੀਮਾ ਦੇ ਨਤੀਜੇ ਅਕਾਲੀ ਦਲ ਦੀ ਪੰਥਕ ਸੋਚ ਨੂੰ ਖ਼ਤਮ ਕਰਨ ਦੇ 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਏ ਹਨ। ‘ਅਬ ਪਛਤਾਇਆ ਕਿਆ ਬਣੇ ਜਬ ਚਿੜੀਆ ਚੁਗ ਗਈ ਖੇਤ’। ਸਿੱਖ ਜਗਤ ਨੂੰ ਇਸ ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਪੰਥਕ ਸੋਚ ਨੂੰ ਬਹਾਲ ਕਰਨਾ ਚਾਹੀਦਾ ਹੈ। ਪੰਥਕ ਸੋਚ ਬਹਾਲ ਕਰਨ ਲਈ ਸਿੱਖ ਸੰਸਥਾਵਾਂ ਦੀ ਮਹੱਤਤਾ ਬਰਕਰਾਰ ਕਰਨੀ ਪਵੇਗੀ, ਇਹ ਤਾਂ ਹੀ ਸੰਭਵ ਹੈ, ਜੇਕਰ ਸ਼ਰੋਮਣੀ ਅਕਾਲੀ ਦਲ ਵਿੱਚੋਂ ਪਰਿਵਾਰਵਾਦ ਖ਼ਤਮ ਕੀਤਾ ਜਾਵੇ ਅਤੇ ਸਿੱਖ ਸੋਚ ਵਾਲੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਧੜੇਬੰਦੀ ਤੋਂ ਉਪਰ ਉਠਕੇ ਇਕ ਮੰਚ ਤੇ ਵਿਚਾਰ ਵਟਾਂਦਰਾ ਕਰਕੇ ਫ਼ੈਸਲੇ ਕੀਤੇ ਜਾਣ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com