ਨਵੀਂ ਦਿੱਲੀ, 10 ਜੁਲਾਈ (ਦਲਜੀਤ ਸਿੰਘ)- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ’ਤੇ ਗੋਲਕ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਲੁੱਕ-ਆਊਟ ਨੋਟਿਸ ਜਾਰੀ ਹੋਇਆ ਹੈ। ਪਟਿਆਲਾ ਹਾਊਸ ਕੋਰਟ ਦੇ ਮੁੱਖ ਮੈਟਰੋਪੋਲੀਟਨ ਜੱਜ ਨੇ ਜਾਂਚ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਹੈ, ਜਿਸ ਨਾਲ ਕਿ ਸਿਰਸਾ ਦੇਸ਼ ਛੱਡ ਕੇ ਬਾਹਰ ਨਾ ਜਾ ਸਕੇ। ਮਾਮਲਾ ਗੁਰਦੁਆਰਿਆਂ ਦੇ ਫੰਡਾਂ ਨੂੰ ਫਰਜ਼ੀ ਕੰਪਨੀਆਂ ਨੂੰ ਭੇਜਣ ਨਾਲ ਜੁੜਿਆ ਹੈ। ਗੋਲਕ ਦਾ ਪੈਸਾ ਐੱਮ/ਐੱਸ ਰਾਜਾ ਟੈਂਟ ਡੈਕੋਰੇਟਰਜ਼ ਵਰਗੀਆਂ ਸੇਲ ਕੰਪਨੀਆਂ ਨੂੰ ਭੇਜਿਆ ਗਿਆ ਹੈ। ਗੋਲਕ ਦੇ ਫੰਡਾਂ ਦੀ ਫਰਜ਼ੀ ਬਿੱਲਾਂ ਦੇ ਸਹਾਰੇ ਭਾਰੀ ਮਾਤਰਾ ਵਿਚ ਹੇਰ-ਫੇਰ ਕੀਤੀ ਗਈ ਹੈ। ਜਿਸ ਦੀ ਜਾਂਚ ਚੱਲ ਰਹੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਉਜਾਗਰ ਕਰਨ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜਨ ਵਾਲੇ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੇ ਪ੍ਰੈੱਸ ਨਾਲ ਗੱਲਬਾਤ ਦੇ ਜ਼ਰੀਏ ਜਾਣਕਾਰੀ ਦਿਤੀ ਕਿ ਬਾਦਲ ਦੇ ਚਹੇਤੇ ਲੋਕਾਂ ਨੇ ਪੰਜਾਬ ਨੂੰ ਬਰਬਾਦੀ ਦੀ ਰਾਹ ’ਤੇ ਧਕਣ ਤੋਂ ਬਾਅਦ ਦਿੱਲੀ ਦਾ ਬੀੜਾ ਚੁੱਕਿਆ ਹੈ। ਪਰ ਅਸੀਂ ਏਦਾਂ ਨਹੀਂ ਹੋਣ ਦੇਣਾ। ਇਨ੍ਹਾਂ ਨਕਾਬਪੋਸ਼ਾਂ ਨੂੰ ਇਕ-ਇਕ ਕਰ ਕੇ ਸੰਗਤ ਦੇ ਸਾਹਮਣੇ ਉਜਾਗਰ ਕੀਤਾ ਜਾਏਗਾ। ਸਿੱਖਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਢਾਂਚੇ ’ਤੇ ਕਦੀ ਨਾ ਮਿਟਣ ਵਾਲੀਆਂ ਸੱਟਾਂ ਮਾਰਨ ਵਾਲਿਆਂ ਨੂੰ ਜਵਾਬ ਦੇਣਾ ਪਵੇਗਾ। ਤੁਸੀਂ ਭੱਜ ਨਹੀਂ ਸਕਦੇ।
ਸਰਨਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ, ਮਨਜਿੰਦਰ ਸਿਰਸਾ ਨੂੰ ਕਮੇਟੀ ਤੋਂ ਬਰਖ਼ਾਸਤ ਕਰਦੇ ਹੋਏ ‘ਸ਼ਹੀਦਾਂ-ਦੀ-ਜਥੇਬੰਦੀਆਂ’ ਦਾ ਉਦਾਹਰਣ ਪੇਸ਼ ਕਰਨ ਪਰ ਸਾਨੂੰ ਪਤਾ ਹੈ ਕਿ ਤੁਸੀਂ ਲੋਕ ਇਸ ਤਰ੍ਹਾਂ ਨਹੀਂ ਕਰੋਗੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਬਾਦਲਾਂ ਦੇ ਦੂਸਰੇ ਮੈਂਬਰਾਂ ਦਾ ਵੀ ਭਾਂਡਾ ਭੰਨ ਲਈ ਕਾਨੂੰਨ ਦੀ ਮਦਦ ਲਵੇਗੀ। ਕਿਸੇ ਨੂੰ ਬਖ਼ਸ਼ਿਆ ਨਹੀਂ ਜਾਏਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਸੰਗਤ ਦੇ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਗੁਰਦੁਆਰਾ ਕਮੇਟੀ ਨਾਲ ਜੁੜੀ ਕੋਈ ਵੀ ਹੇਰ-ਫੇਰ ਦੀ ਜਾਣਕਾਰੀ ਮਿਲਦੀ ਹੈ ਤਾਂ ਸਾਨੂੰ ਦੱਸੋ ਅਸੀਂ ਦੋਸ਼ੀਆਂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਾਂਗੇ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵੱਲੋਂ ਪਟੀਸ਼ਨ ਕਰਨ ਵਾਲੇ ਭੁਪਿੰਦਰ ਸਿੰਘ ਪੀ. ਆਰ. ਓ. ਦੇ ਨਾਲ ਹੋਰ ਵੀ ਸੀਨੀਅਰ ਮੈਂਬਰ ਮੌਜੂਦ ਸਨ।