ਮੋਹਾਲੀ : ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਮੰਗੀਆਂ ਮੰਗਾਂ ਸਬੰਧੀ ਵੇਰਵੇ ਦੇਣ ਲਈ ਖ਼ੁਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਧਰਨੇ ਵਾਲੀ ਥਾਂ ਪੁੱਜ ਗਏ। ਉੱਥੇ ਹੀ ਕਿਸਾਨਾਂ ਨੇ ਧਰਨਾ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਏ ਹਟਾ ਲਿਆ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਪ੍ਰਗਟਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੁਹਿਰਦਤਾ ਨਾਲ ਫ਼ੈਸਲੇ ਲੈ ਰਹੀ ਹੈ ਤੇ ਆਉਣ ਵਾਲੇ ਸਮੇਂ ‘ਚ ਵੀ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪੰਚਾਇਤ ਮੰਤਰੀ ਨੇ ਕਿਹਾ ਕਿ ਝੋਨਾ ਲਗਾਉਣ ਸਬੰਧੀ ਪੰਜਾਬ ਨੂੰ ਦੋ ਜ਼ੋਨਾਂ ਵਿਚ ਵੰਡਿਆ ਗਿਆ ਹੈ। ਪਹਿਲੇ ਜ਼ੋਨ ‘ਚ 14 ਜੂਨ ਤੇ ਦੂਜੇ ਜ਼ੋਨ ‘ਚ 17 ਜੂਨ ਨੂੰ ਝੋਨਾ ਲਾਇਆ ਜਾ ਸਕੇਗਾ ਜਦੋਂਕਿ ਸਰਹੱਦੀ ਕਿਸਾਨ ਜਿਨ੍ਹਾਂ ਦੀ ਜ਼ਮੀਨ ਤਾਰ ਤੋਂ ਪਾਰ ਹੈ, ਉਨ੍ਹਾਂ ਲਈ ਝੋਨਾ ਲੁਆਈ ਦਾ ਸਮਾਂ 10 ਜੂਨ ਤੈਅ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ 3 ਦਿਨਾਂ ਦੇ ਅੰਦਰ-ਅੰਦਰ ਬਿਜਲੀ ਦੀ ਸਪਲਾਈ ਵੀ ਸ਼ੁਰੂ ਹੋ ਜਾਵੇਗਾ ਜਦੋਂਕਿ ਮੂੰਗੀ ਦੀ ਫ਼ਸਲ ਉੱਤੇ MSP ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜਿਸ ਦਾ ਭਾਅ 7275 ਰੁਪਏ ਤੈਅ ਕੀਤਾ ਗਿਆ ਹੈ। ਬਾਸਮਤੀ ਉੱਤੇ ਐੱਮਐੱਸਪੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ 19 ਮਈ ਨੂੰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬਾਰੇ ਖੁਲਾਸਾ ਕਰਨਗੇ। ਉਨ੍ਹਾਂ ਕਿਹਾ ਕਿ ਕੁਰਕੀ ਦੇ ਵਰੰਟ ਲੈ ਕੇ ਕੋਈ ਵੀ ਅਧਿਕਾਰੀ ਕਿਸਾਨਾਂ ਦੇ ਘਰ ਨਹੀਂ ਜਾਵੇਗਾ। ਚਿੱਪ ਵਾਲੇ ਮੀਟਰ ਵੀ ਨਹੀਂ ਲੱਗਣਗੇ। ਆਉਂਦੇ ਸਮੇਂ ‘ਚ ਕਿਸਾਨਾਂ ਨਾਲ ਦੁਬਾਰਾ ਮੀਟਿੰਗ ਹੋਵੇਗੀ।