ਮੁਹਾਲੀ, 17 ਮਈ- ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਮਿਲਣ ਤੋਂ ਪਹਿਲਾਂ ਹੀ ਦਿੱਲੀ ਲਈ ਰਵਾਨਾ ਹੋ ਗਏ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਨੇ ਹੋਰ ਕਿਸੇ ਅਧਿਕਾਰੀ ਨੂੰ ਮਿਲਣ ਤੋਂ ਇਨਕਾਰ ਕਰਦਿਆਂ ਪੰਜਾਬ ਸਰਕਾਰ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇ ਇਸ ਦੌਰਾਨ ਸਰਕਾਰ ਨੇ ਮੁੱਖ ਮੰਤਰੀ ਨਾਲ ਦੁਬਾਰਾ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਨਾ ਦਿੱਤਾ ਤਾਂ ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਿਰਸਾਨੀ ਮੰਗਾਂ ਬਾਰੇ ਪੰਜਾਬ ਦੇ ਕਿਸਾਨ ਫਿਰ ਤੋਂ ਸੜਕਾਂ ‘ਤੇ ਉਤਰ ਆਏ ਹਨ। ਅੱਜ ਪੰਜਾਬ ਭਰ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨ ਇੱਥੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚੇ ਹੋਏ ਹਨ। ਕਿਸਾਨ ਜੈਕਾਰੇ ਛੱਡਦੇ ਹੋਏ ਵੱਡੇ ਕਾਫਲਿਆਂ ਵਿੱਚ ਪੁੱਜੇ। ਕਿਸਾਨਾਂ ਦਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕਰਨ ਦਾ ਪ੍ਰੋਗਰਾਮ ਹੈ। ਗੁਰਦੁਆਰਾ ਅੰਬ ਸਾਹਿਬ ਦੇ ਬਾਹਰ, ਲਾਲ ਬੱਤੀ ਚੌਕ ਫੇਜ-7 ਅਤੇ ਵਾਈਪੀਐਸ ਚੌਕ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੈ। ਚੰਡੀਗੜ੍ਹ ’ਚ ਦਾਖਲੇ ਨੂੰ ਰੋਕਣ ਲਈ ਯੂਟੀ ਪੁਲੀਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ।
ਇਸ ਮੌਕੇ ਕਿਸਾਨ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ, ਜਨਰਲ ਸਕੱਤਰ ਗੁਰਿੰਦਰ ਸਿੰਘ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਪ੍ਰਧਾਨ ਇੰਦਰਜੀਤ ਸਿੰਘ, ਸੁੱਚਾ ਸਿੰਘ ਲੱਧੂ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ, ਅਮਰਜੀਤ ਸਿੰਘ ਮਾਹਲ, ਕਿਸਾਨ ਸੰਘਰਸ਼ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਰਣਜੀਤ ਸਿੰਘ, ਬੀਕੇਯੂ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਰਛਪਾਲ ਸਿੰਘ, ਜੈ ਕਿਸਾਨ ਅੰਦੋਲਨ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ, ਬੀਕੇਯੂ ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ, ਜਗਤਾਰ ਸਿੰਘ ਜੱਲੇਵਾਲ, ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਬੀਕੇਯੂ ਮਾਝਾ ਦੇ ਪ੍ਰਧਾਨ ਕੰਵਲਜੀਤ ਸਿੰਘ ਤੇ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਨੇਤਾ ਮੌਜੂਦ ਹਨ।ਉਨ੍ਹਾਂ ਮੰਗ ਕੀਤੀ ਕਿ ਕਣਕ ਦਾ ਝਾੜ ਘੱਟਣ ਕਾਰਨ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਵਾਅਦੇ ਮੁਤਾਬਕ ਮੂੰਗੀ, ਮੱਕੀ ਦਾ ਸਮਰਥਨ ਮੁੱਲ, ਬਾਸਮਤੀ ਦਾ ਸਮਰਥਨ ਮੁੱਲ ਪ੍ਰਤੀ ਕੁਇੰਟਲ 4500 ਰੁਪਏ ਦਿੱਤਾ ਜਾਵੇ।