ਚੰਡੀਗੜ੍ਹ,14ਮਈ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਫੇਸਬੁੱਕ ‘ਤੇ ਲਾਈਵ ਹੁੰਦਿਆਂ ਵੱਡਾ ਧਮਾਕਾ ਕਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਕਾਂਗਰਸ ‘ਤੇ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਇਕ ਮੁੱਖ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਦੈਪੁਰ ‘ਚ ਲਾਇਆ ਗਿਆ ਚਿੰਤਨ ਕੈਂਪ ਅਸਲ ‘ਚ ਚਿੰਤਾ ਵਾਲਾ ਕੈਂਪ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਪੰਜਾਬ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ‘ਚ ਚੋਣਾਂ ਦੇ ਸਮੇਂ ਹਰੀਸ਼ ਰਾਵਤ ਨੂੰ ਇਕ ਪਾਸੇ ਪੰਜਾਬ ਦਾ ਪ੍ਰਭਾਰੀ ਬਣਾ ਦਿੱਤਾ ਗਿਆ, ਦੂਜੇ ਪਾਸੇ ਉੱਤਰਾਖੰਡ ‘ਚ ਚੋਣਾਂ ਸਨ।
ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਕਿਹਾ ਗਿਆ ਕਿ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕੀਤਾ ਜਾਂਦਾ ਪਰ ਉਸ ਸਮੇਂ ਤਾਂ ਉਨ੍ਹਾਂ ਕੋਲ ਕੋਈ ਅਹੁਦਾ ਹੀ ਨਹੀਂ ਸੀ। ਜਾਖੜ ਨੇ ਕਿਹਾ ਕਿ ਦਿਲ ਤੋੜਨ ਦਾ ਵੀ ਇਕ ਸਲੀਕਾ ਹੁੰਦਾ ਹੈ ਪਰ ਜਿਸ ਤਰ੍ਹਾਂ ਕਾਂਗਰਸ ਨੇ ਉਨ੍ਹਾਂ ਦਾ ਦਿਲ ਤੋੜਿਆ ਹੈ, ਇਹ ਤਾਂ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਮੈਂ ਜਿੱਥੇ ਹਾਂ, ਉੱਥੇ ਹੀ ਖੜ੍ਹਾ ਰਹਾਂਗਾ।