ਅੰਮ੍ਰਿਤਸਰ,: ਸੀਆਈ (ਕਾਊਂਟਰ ਇੰਟੈਲੀਜੈਂਸ) ਟੀਮ ਨੇ ਬੁੱਧਵਾਰ ਦੁਪਹਿਰ ਨੂੰ ਪਾਕਿਸਤਾਨ ਤੋਂ ਭੇਜੇ ਗਏ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਅੱਠ ਵਿਦੇਸ਼ੀ ਪਿਸਤੌਲ, ਅੱਠ ਮੈਗਜ਼ੀਨ, ਇੱਕ ਕਿਲੋ ਹੈਰੋਇਨ ਅਤੇ 2.9 ਲੱਖ ਰੁਪਏ ਦੀ ਡਰੱਗ ਮਨੀ, ਇੱਕ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ।
ਡੀਜੀਪੀ ਨੇ ਦੱਸਿਆ ਹੈ ਕਿ ਤਿੰਨੋਂ ਮੁਲਜ਼ਮ ਪਾਕਿਸਤਾਨੀ ਤਸਕਰ ਸਿਕੰਦਰ ਨੂਰ ਦੇ ਸੰਪਰਕ ਵਿੱਚ ਸਨ। ਸਿਕੰਦਰ ਨੂਰ ਪਹਿਲਾਂ ਵੀ ਭਾਰਤ (ਪੰਜਾਬ) ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਤਸਕਰੀ ਕਰ ਚੁੱਕਾ ਹੈ। ਪੁਲਿਸ ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਹੇ ਸਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਸਰਬਜੀਤ ਸਿੰਘ ਵਾਸੀ ਸ਼ੇਕ ਪਿੰਡ, ਕੁਲਵਿੰਦਰ ਸਿੰਘ ਵਾਸੀ ਲੰਗਿਆਣਾ ਪਿੰਡ ਅਤੇ ਅਸ਼ਮਨਦੀਪ ਸਿੰਘ ਵਾਸੀ ਰੇਲਵੇ ਰੋਡ ਤਰਨਤਾਰਨ ਵਜੋਂ ਕੀਤੀ ਹੈ। ਤਿੰਨਾਂ ਖ਼ਿਲਾਫ਼ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿੱਚ ਕੇਸ ਦਰਜ ਕੀਤਾ ਗਿਆ ਹੈ। ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
