ਚੰਡੀਗੜ੍ਹ, 9 ਜੁਲਾਈ (ਦਲਜੀਤ ਸਿੰਘ)- ਸੂਬੇ ਵਿੱਚ ਕੋਵਿਡ ਦੀ ਪਾਜ਼ੇਟਿਵਟੀ ਦਰ ਘਟ ਕੇ 0.4 ਫੀਸਦੀ ਆਉਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਫਤੇ ਦੇ ਅੰਤਲੇ ਦਿਨਾਂ (ਵੀਕੈਂਡ) ਅਤੇ ਰਾਤ ਦੇ ਕਰਫਿਊ ਨੂੰ ਹਟਾਉਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸੋਮਵਾਰ ਤੋਂ ਅੰਦਰੂਨੀ ਇਕੱਠਾਂ (ਇੰਡੋਰ) ਵਿੱਚ 100 ਵਿਅਕਤੀਆਂ ਅਤੇ ਖੁੱਲ੍ਹੇ ਵਿੱਚ (ਆਊਟਡੋਰ) 200 ਵਿਅਕਤੀਆਂ ਦੇ ਇਕੱਠ ਕਰਨ ਦੀ ਵੀ ਇਜਾਜ਼ਤ ਦਿੱਤੀ। ਡੀ.ਜੀ.ਪੀ. ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਕੇ ਰੈਲੀਆਂ ਤੇ ਰੋਸ ਮੀਟਿੰਗਾਂ ਕਰਨ ਵਾਲੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਭਾਵੇਂ ਕਿ ਆਸ ਪ੍ਰਗਟਾਈ ਕਿ ਰਾਜਸੀ ਪਾਰਟੀਆਂ ਅਤੇ ਆਗੂਆਂ ਵੱਲੋਂ ਚੰਗਾ ਵਰਤਾਰਾ ਦਿਖਾਇਆ ਜਾਵੇਗ ਪਰ ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਜਾਰੀ ਕੀਤੇ ਜਾਣ।
ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾਅ, ਤੈਰਾਕੀ ਪੂਲ, ਜਿੰਮ, ਮਾਲ, ਖੇਡ ਕੰਪਲੈਕਸ, ਮਿਊਜ਼ੀਅਮ, ਚਿੜਿਆ ਘਰ ਆਦਿ ਖੋਲ੍ਹਣ ਦੇ ਵੀ ਹੁਕਮ ਕੀਤੇ ਬਸ਼ਰਤੇ ਸਾਰੇ ਯੋਗ ਸਟਾਫ ਮੈਂਬਰ ਅਤੇ ਵਿਜ਼ਟਰਜ਼ ਦੇ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਜ਼ਰੂਰ ਲੱਗੀ ਹੋਵੇ।
ਸਕੂਲ ਭਾਵੇਂ ਨਿਰੰਤਰ ਬੰਦ ਰਹਿਣਗੇ ਪਰ ਕਾਲਜਾਂ, ਕੋਚਿੰਗ ਸੈਂਟਰਾਂ ਤੇ ਸਾਰੇ ਹੋਰ ਉਚੇਰੀ ਸਿੱਖਿਆ ਵਾਲੀਆਂ ਸੰਸਥਾਵਾਂ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਉਨ੍ਹਾਂ ਨੂੰ ਸਰਟੀਫਿਕੇਟ ਦੇਣਾ ਪਵੇਗਾ ਕਿ ਸਾਰੇ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੇ ਦੋ ਹਫਤੇ ਪਹਿਲਾਂ ਟੀਕਾਕਰਨ ਦੀ ਘੱਟੋ-ਘੱਟ ਇਕ ਖੁਰਾਕ ਜ਼ਰੂਰ ਲੱਗੀ ਹੋਵੇ।
ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 20 ਜੁਲਾਈ ਨੂੰ ਕੋਵਿਡ ਦੇ ਹਾਲਾਤ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੰਦਿਸ਼ਾਂ ਵਿੱਚ ਛੋਟ ਦਿੰਦਿਆਂ ਹਰ ਹਾਲ ਵਿੱਚ ਮਾਸਕ ਦੀ ਵਰਤੋਂ ਸਖਤੀ ਨਾਲ ਕੀਤੀ ਜਾਵੇ।
ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਚਾਰ ਜ਼ਿਲ੍ਹਿਆਂ ਵਿੱਚ ਪਾਜ਼ੇਟਿਵਟੀ ਦਰ ਇਕ ਫੀਸਦੀ ਜਾਂ ਇਸ ਤੋਂ ਘੱਟ ਹੈ ਪਰ ਹਾਲੇ ਵੀ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਚੌਕਸੀ ਵਰਤਣ ਦੀ ਲੋੜ ਹੈ।
ਬਲੈਕ ਫੰਗਸ ਜਿਸ ਦੇ ਕਿ 8 ਜੁਲਾਈ ਨੂੰ 623 ਮਰੀਜ਼ ਰਿਪੋਰਟ ਹੋਏ, ਦੇ ਕੇਸਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਖਿਆ ਕਿ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਸਹਿਯੋਗ ਤੇ ਮਦਦ ਵਾਸਤੇ ਤਜਵੀਜ਼ ਤਿਆਰ ਕੀਤੀ ਜਾਵੇ। ਸਿਹਤ ਸਕੱਤਰ ਨੇ ਮੀਟਿੰਗ ਵਿੱਚ ਦੱਸਿਆ ਕਿ 623 ਕੇਸਾਂ ਵਿੱਚੋਂ 67 ਕੇਸ ਸੂਬੇ ਤੋਂ ਬਾਹਰਲੇ ਹਨ, 337 ਕੇਸ ਇਲਾਜ ਅਧੀਨ ਹੈ ਅਤੇ 154 ਨੂੰ ਛੁੱਟੀ ਮਿਲ ਗਈ ਹੈ ਜਦੋਂ ਕਿ 51 ਮਰੀਜ਼ਾਂ ਦਾ ਦੇਹਾਂਤ ਹੋਇਆ। ਇਕ ਦਿਨ ਵਿੱਚ ਸਭ ਤੋਂ ਵੱਧ 34 ਕੇਸ 27 ਮਈ ਨੂੰ ਰਿਪੋਰਟ ਹੋਏ। ਜੁਲਾਈ ਦੇ ਪਹਿਲੇ ਹਫਤੇ ਰੋਜ਼ਾਨਾ ਆਉਣ ਵਾਲੇ ਕੇਸਾਂ ਦੀ ਔਸਤਨ 5 ਹੈ।
ਮੁੱਖ ਮੰਤਰੀ ਨੇ ਮਹਿਸੂਸ ਕੀਤਾ ਕਿ ਨਿਰਧਾਰਤ ਦਿਸ਼ਾ ਨਿਰਦੇਸ਼ਾਂ (ਐਸ.ਓ.ਪੀਜ਼) ਦੇ ਲਾਗੂ ਹੋਣ ਅਤੇ ਕੋਵਿਡ ਸਮੇਂ ਅਤੇ ਕੋਵਿਡ ਉਪਰੰਤ ਸੰਭਾਲ ਕਾਰਨ ਪੰਜਾਬ ਵਿੱਚ ਹਰਿਆਣਾ ਤੇ ਦਿੱਲੀ ਸਣੇ ਜ਼ਿਆਦਾਤਰ ਦੂਜੇ ਸੂਬਿਆਂ ਨਾਲੋਂ ਕੇਸ ਅਤੇ ਮੌਤਾਂ ਘੱਟ ਹੋਈਆਂ। ਪੰਜਾਬ ਵਿੱਚ ਹੁਣ ਤੱਕ 632 ਕੇਸ ਤੇ 51 ਮੌਤਾਂ ਸਾਹਮਣੇ ਆਈਆਂ ਜਦੋਂ ਕਿ ਹਰਿਆਣਾ ਤੇ ਦਿੱਲੀ ਵਿੱਚ ਅਜਿਹੇ 1600 ਤੋਂ ਵੱਧ ਕੇਸ ਸਾਹਮਣੇ ਆਏ ਅਤੇ ਦੋਵੇਂ ਸੂਬਿਆਂ ਵਿੱਚ ਕ੍ਰਮਵਾਰ 193 ਤੇ 236 ਮੌਤਾਂ ਹੋਈਆਂ।
ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਲਈ 380 ਕਰੋੜ ਰੁਪਏ ਮਨਜ਼ੂਰ ਕੀਤੇ
ਸੂਬੇ ਵਿੱਚ ਕੋਵਿਡ ਦੀ ਦੂਜੀ ਲਹਿਰ ਦੇ ਚੱਲਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 380 ਕਰੋੜ ਰੁਪਏ ਜਾਰੀ ਕੀਤੇ ਜਿਹੜੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਵੱਲੋਂ ਕੋਵਿਡ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਲਈ ਖਰਚੇ ਜਾਣਗੇ।
ਸੂਬੇ ਵਿੱਚ ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ 674 ਜੀ.ਡੀ.ਐਮ.ਓ., 283 ਮੈਡੀਕਲ ਅਫਸਰ (ਸਪੈਸ਼ਲਿਸਟ), 2000 ਸਟਾਫ ਨਰਸਾਂ ਦੇ ਨਾਲ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ 330 ਫੈਕਲਟੀ ਪੋਸਟਾਂ ਭਰਨ ਦੀ ਵੀ ਹਰੀ ਝੰਡੀ ਕੀਤੀ। ਉਨ੍ਹਾਂ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਹੋਰ ਲੋੜੀਂਦੀਆਂ ਵਾਧੂ ਪੋਸਟਾਂ ਨੂੰ ਭਰਨ ਲਈ ਕੈਬਨਿਟ ਵਿੱਚ ਲਿਆਂਦਾ ਜਾਵੇ ਤਾਂ ਜੋ ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ।
ਮੁੱਖ ਮੰਤਰੀ ਵੱਲੋਂ ਪ੍ਰਵਾਨਿਤ ਕੀਤੇ 380 ਕਰੋੜ ਰੁਪਏ ਪੀ.ਐਸ.ਏ. ਆਕਸੀਜਨ ਪਲਾਂਟਾਂ, ਐਮ.ਜੀ.ਪੀ.ਐਸ. ਲੋਡ ਵਧਾਉਣ ਅਤੇ ਪੈਕੇਜ ਸਬਸਟੇਸ਼ਨਾਂ, ਕ੍ਰਾਇਓਜੈਨਿਕ ਤਰਲ ਮੈਡੀਕਲ ਆਕਸੀਜਨ ਟੈਂਕਾਂ ਦੇ ਨਾਲ ਬੀ.ਐਲ.ਐਸ. ਐਬੂਲੈਂਸਾਂ ਉਤੇ ਖਰਚੇ ਜਾਣਗੇ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੋਵਿਡ ਖਿਲਾਫ ਸੂਬਾ ਸਰਕਾਰ ਦੀ ਜੰਗ ਵਿੱਚ ਫੰਡ ਕਿਤੇ ਵੀ ਅੜਿੱਕਾ ਨਹੀਂ ਬਣਨ ਦੇਵਾਂਗੇ ਅਤੇ ਭਵਿੱਖ ਵਿੱਚ ਵੀ ਲੋੜ ਮੁਤਾਬਕ ਫੰਡ ਜਾਰੀ ਕੀਤੇ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਦੂਜੀ ਲਹਿਰ ਦੇ ਮਰੀਜ਼ਾਂ ਨਾਲੋਂ 25 ਫੀਸਦੀ ਹੋਰ ਵੱਧ ਮਰੀਜ਼ਾਂ ਦੇ ਹਿਸਾਬ ਨਾਲ ਤਿਆਰੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਤੀ ਦਿਨ ਘੱਟੋ-ਘੱਟ 40000 ਟੈਸਟਾਂ ਦੇ ਨਾਲ ਕਿਸੇ ਵੀ ਉਭਾਰ ਬਾਰੇ ਸਮੇਂ ਸਿਰ ਜਾਣਕਾਰੀ ਹਾਸਲ ਕਰਨ ਲਈ ਸਮਾਰਟ ਟੈਸਟਿੰਗ ਸ਼ੁਰੂ ਕਰਨੀ ਯਕੀਨੀ ਬਣਾਈ ਜਾਵੇ।
ਤੀਜੀ ਲਹਿਰ ਦੀ ਰੋਕਥਾਮ ਅਤੇ ਟਾਕਰਾ ਕਰਨ ਲਈ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਵੱਲੋਂ ਤਿਆਰ ਕੀਤੀ ਵਿਸਥਾਰਤ ਰਣਨੀਤੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਸੂਰਤ ਵਿੱਚ ਜੀ.ਆਈ.ਐਸ. ਆਧਾਰਿਤ ਨਿਗਰਾਨੀ ਅਤੇ ਰੋਕਥਾਮ ਤਰੀਕਿਆਂ ਦੀ ਵਰਤੋਂ ਸਥਾਨਕ ਬੰਦਿਸ਼ਾਂ ਲਈ ਆਟੋ ਟਰਿਗਰ ਵਿਧੀ ਰਾਹੀਂ ਕੀਤੀ ਜਾਵੇਗੀ। ਦੂਜੀ ਸਥਿਤੀ ਵਿੱਚ ਜੇ ਲੋੜ ਪਵੇ ਤਾਂ ਖੇਤਰੀ ਜਾਂ ਸੂਬਾ ਪੱਧਰੀ ਬੰਦਿਸ਼ਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖਤਰੇ ਦੇ ਪੱਧਰ ਦੇ ਆਧਾਰ ਉਤੇ ਜ਼ਿਲ੍ਹਿਾਂ ਦਾ ਵਰਗੀਕਰਨ ਕਰਦਿਆਂ ਤਿੰਨ ਵਰਗਾਂ ਵਿੱਚ ਵੰਡਿਆ ਜਾਵੇਗਾ ਜਿਸ ਨਾਲ ਜ਼ਿਲ੍ਹਿਆਂ ਨੂੰ ਵਿਗਿਆਨਕ ਆਧਾਰ ਉਤੇ ਰੋਕ ਲਗਾਉਣ ਅਤੇ ਪਾਬੰਦੀਆਂ ਲਾਗੂ ਕਰਨ ਦੇ ਯੋਗ ਬਣਾਇਆ ਜਾਵੇਗਾ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅੰਕੜੇ ਇਕੱਠੇ ਕਰਨ ਅਤੇ ਇਨ੍ਹਾਂ ਦਾ ਵਿਸਲੇਸ਼ਣ ਕਰਨ ਲਈ ਹਰੇਕ ਜ਼ਿਲੇ ਵਿੱਚ ਅੰਕੜਾ ਸੈਲ ਸਰਗਰਮ ਕੀਤਾ ਜਾਵੇ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਫੰਡ ਅਤੇ ਆਕਸੀਜਨ ਪਲਾਂਟ ਲੋੜੀਂਦੇ ਤੌਰ ‘ਤੇ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕੋਈ ਵੀ ਘਾਟ ਨਾ ਆਉਣ ਨੂੰ ਯਕੀਨੀ ਬਣਾਇਆ ਜਾਵੇ।