ਚੰਡੀਗੜ੍ਹ, 20 ਅਪ੍ਰੈਲ (ਬਿਊਰੋ)-ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਪਾਣੀ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ 2025 ਤੱਕ SYL ਦਾ ਪਾਣੀ ਹਰਿਆਣਾ ਦੇ ਹਰ ਪਿੰਡ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਇਸ ਦਾਅਵੇ ‘ਤੇ ਪੰਜਾਬ ਕਾਂਗਰਸ ਵੱਲੋਂ ਇਤਰਾਜ਼ ਜਤਾਇਆ ਹੈ। ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ SYL ਦੇ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ‘ਤੇ ਦਿੱਲੀ ਤੋਂ ਚੱਲਣ ਦਾ ਦੋਸ਼ ਲਾਇਆ। ਕਾਂਗਰਸੀ ਆਗੂ ਨੇ ਕਿਹਾ, ”ਇਹ ਮੋਹਰੇ ਹਨ। ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ। ਅਸੀਂ ਤੁਹਾਡੇ ਸਾਹਮਣੇ ਐਸਵਾਈਐਲ ਦੇ ਮੁੱਦੇ ‘ਤੇ ਪਹਿਲਾਂ ਹੀ ਸਪੱਸ਼ਟੀਕਰਨ ਮੰਗਿਆ ਸੀ। ਪਹਿਲੋਂ ਸਫ਼ਾਈ ਭਗਵੰਤ ਮਾਨ ਦਵੇ। ਫਿਰ ਅਰਵਿੰਦ ਕੇਜਰੀਵਾਲ ਤੇ ਫਿਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹ ਆਪਣਾ ਪੱਖ ਸਾਫ਼ ਕਰਨ।” ਬਾਜਵਾ ਨੇ ਅੱਗੇ ਕਿਹਾ, ”ਅਸੀਂ ਆਪਣਾ ਸਟੈਂਡ ਸਾਫ਼ ਕਰ ਦਿੱਤਾ ਹੈ। ਪੰਜਾਬ ਦੇ ਲੋਕ ਤੇ ਪੰਜਾਬ ਕਾਂਗਰਸ ਦੇ ਆਗੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਾਡੇ ਕੋਲ ਕਿਸੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ। ਅਸੀਂ ਇੱਥੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ। ਸਾਡੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। 15-20 ਸਾਲਾਂ ਵਿੱਚ ਪਾਣੀ ਦੀ ਸਥਿਤੀ ਬਹੁਤ ਗੰਭੀਰ ਹੋ ਜਾਵੇਗੀ।”
ਇੱਥੋਂ ਸ਼ੁਰੂ ਹੋਇਆ ਵਿਵਾਦ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਕੀਤਾ ਕਿ ਪੰਜਾਬ ਦੇ ‘ਆਪ’ ਆਗੂ ਇਸ ‘ਤੇ ਚੁੱਪ ਕਿਉਂ ਹਨ? ਹਰਿਆਣਾ ਵੱਲੋਂ ਮਾਣਹਾਨੀ ਪਟੀਸ਼ਨ ਦਾਇਰ ਕਰਨ ‘ਤੇ ਵਿਚਾਰ ਕਰਨ ‘ਤੇ ਵੜਿੰਗ ਨੇ ਸੋਮਵਾਰ ਨੂੰ ਟਵੀਟ ਕੀਤਾ: “ਦੁਸ਼ਮਨ ਦਰਵਾਜ਼ੇ ‘ਤੇ ਹੈ ਮਾਨ ਸਾਹਬ, ਤੁਹਾਡੀਆਂ ਕੀ ਤਿਆਰੀਆਂ ਹਨ। ਸਾਰੀਆਂ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਕਾਨੂੰਨੀ-ਪ੍ਰਸ਼ਾਸਕੀ ਰਣਨੀਤੀ ਤਿਆਰ ਕੀਤੀ ਜਾਵੇ।”
ਦੱਸ ਦੇਈਏ ਕਿ ਪੰਜਾਬ ‘ਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਚੰਡੀਗੜ੍ਹ ‘ਤੇ ਦਾਅਵੇਦਾਰੀ ਨੂੰ ਲੈ ਕੇ ਵਿਧਾਨ ਸਭਾ ‘ਚ ਮਤਾ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰਿਆਣਾ ਵਲੋਂ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ।