ਬਠਿੰਡਾ, 19 ਅਪ੍ਰੈਲ (ਬਿਊਰੋ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫ੍ਰੀ ਬਿਜਲੀ ਮਾਮਲੇ ’ਤੇ ਭਗਵੰਤ ਮਾਨ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਬਠਿੰਡਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਪਹਿਲਾਂ ਸਾਰਿਆਂ ਨੂੰ 300 ਰੁਪਏ ਪ੍ਰਤੀ ਮਹੀਨਾ ਯੂਨਿਟ ਦੇਣ ਦਾ ਵਾਅਦਾ ਕਰਕੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਕਰ ਗਈ ਹੈ। ਜਦਕਿ ਪੰਜਾਬ ਵਿਚ ਸਾਰੇ ਵਰਗ ਇਕੋ ਸਮਾਨ ਹਨ। ਇਹ ਇਸ ਲਈ ਹੈ ਕਿ ਕਿਉਂਕਿ ਪੰਜਾਬ ਦੀ ਵਿੱਤੀ ਹਾਲਤ ਤਰਸਯੋਗ ਹੈ। ਪੀ. ਐੱਸ. ਪੀ. ਸੀ. ਐੱਲ.’ਤੇ 17 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਜਿਹੜਾ ਬੈਂਕਾਂ ਤੋਂ ਲਿਆ ਹੈ, ਸਰਕਾਰ ਦੀ ਦੇਣਦਾਰੀ 20 ਹਜ਼ਾਰ ਕਰੋੜ ਤੋਂ ਉਪਰ ਹੈ, ਬੋਰਡ ਦੇ ਅਧਿਕਾਰੀਆਂ ਨੂੰ ਤਨਖਾਹਾਂ ਦੇਣ ਲਈ 500 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਗਿਆ ਹੈ। ਇਸ ਸਭ ਦੇ ਬਾਵਜੂਦ ਅੱਜ ਕਰੋੜਾਂ ਰੁਪਿਆਂ ਦੇ ਇਸ਼ਿਤਹਾਰ ਪੰਜਾਬ ਦੇ ਬਾਹਰਲੇ ਸੂਬਿਆਂ ਨੂੰ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਨੂੰ ਕਿਸ ਨੇ ਹੱਕ ਦਿੱਤਾ ਕਿ ਤੁਸੀਂ ਪੰਜਾਬੀਆਂ ਦੀ ਕਮਾਈ ਬਾਹਰਲੇ ਸੂਬਿਆਂ ਦੇ ਅਖਬਾਰਾਂ ਵਿਚ ਲਗਵਾਓ, ਇਹ ਇਕ ਗੰਭੀਰ ਮਸਲਾ ਹੈ। ਸਿੱਧੂ ਨੇ ਕਿਹਾ ਕਿ ਵੀਰਵਾਰ ਨੂੰ ਉਹ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਗਵਰਨਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਵੀ ਸੌਂਪਣਗੇ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਵਿਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਕਿਤੇ ਕਬਜ਼ੇ ਹੋ ਰਹੇ ਹਨ, ਕਿਤੇ ਕਤਲ ਅਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਰੋਜ਼ਾਨਾ ਵੱਢ-ਟੁੱਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਟਰੱਕ ਯੂਨੀਅਨਾਂ ’ਤੇ ਕਬਜ਼ੇ ਹੋ ਰਹੇ। ਕੀ ਇਹੋ ਲਾਅ ਐਂਡ ਆਰਡਰ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ 24 ਘੰਟਿਆਂ ਵਿਚ ਬੇਅਦਬੀ ਮਾਮਲੇ ਦਾ ਇਨਸਾਫ ਕਰਨ ਦੀ ਗੱਲ ਆਖੀ ਗਈ ਸੀ ਪਰ ਅੱਜ ਇਕ ਮਹੀਨੇ ਤੋਂ ਉਪਰ ਸਰਕਾਰ ਬਣੀ ਨੂੰ ਹੋ ਚੱਲਿਆ ਹੈ ਫਿਰ ਬੇਅਦਬੀ ਮਾਮਲੇ ’ਤੇ ਕਾਰਵਾਈ ਕਰਨ ਤੋਂ ਪੰਜਾਬ ਸਰਕਾਰ ਨੂੰ ਕੌਣ ਰੋਕ ਰਿਹਾ ਹੈ।
ਮੁੱਖ ਮੰਤਰੀ ਨੇ ਬਿਜਲੀ ਫ੍ਰੀ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਸੂਬੇ ਦੇ ਥਰਮਲ ਪਲਾਂਟਾ ਕੋਲ ਬੈਕਅਪ ਹੀ ਨਹੀਂ ਹੈ। ਪਿੰਡਾਂ ਸ਼ਹਿਰਾਂ ਵਿਚ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਪੰਜਾਬ ਕੋਲ ਸਿਰਫ ਅੱਠ ਦਿਨਾਂ ਦਾ ਕੋਲਾ ਬਚਿਆ ਹੈ। ਆਮ ਆਦਮੀ ਪਾਰਟੀ ਕਹਿੰਦੀ ਸੀ ਸਾਡੀ ਸਰਕਾਰ ਆਈ ਤਾਂ ਪਹਿਲੇ ਦਿਨ ਪੀ. ਪੀ. ਏ. ਰੱਦ ਕਰਾਂਗੇ, ਹੁਣ ਇਨ੍ਹਾਂ ਨੂੰ ਬਿਜਲੀ ਸਮਝੌਤੇ ਰੱਦ ਕਰਨ ਤੋਂ ਕੌਣ ਰੋਕ ਰਿਹਾ ਹੈ। ਸਿੱਧੂ ਨੇ ਕਿਹਾ ਕਿ ਹੁਣ ਤਾਂ ਭਗਵੰਤ ਮਾਨ ਨੇ ਵੀ ਮਨ ਲਿਆ ਹੈ ਕਿ ਕਿ ਪੰਜਾਬ ਦਿੱਲੀ ਨਹੀਂ ਸਗੋਂ ਪੰਜਾਬ ਮਾਡਲ ’ਤੇ ਚੱਲੇਗਾ। ਇਸੇ ਦੇ ਚੱਲਦੇ ਮੱਕੀ ਅਤੇ ਦਾਲਾਂ ’ਤੇ ਐੱਮ. ਐੱਸ. ਪੀ. ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਹੜਾ ਸ਼ਲਾਘਾਯੋਗ ਕਦਮ ਹੈ।
ਇਸ ਤੋਂ ਇਲਾਵਾ ਸਿੱਧੂ ਨੇ ਪੰਜਾਬ ਵਿਚ ਕਿਸੇ ਤਰ੍ਹਾਂ ਦੀ ਧੜੇਬੰਦੀ ਤੋਂ ਇਨਕਾਰ ਕਰਦਿਆਂ ਆਖਿਆ ਕਿ ਅਸੀਂ ਅਹੁਦਿਆਂ ਦੀ ਨਹੀਂ ਸਗੋਂ ਪੰਜਾਬ ਲਈ ਲੜਾਈ ਲੜ ਰਹੇ ਹਾਂ। ਸਿੱਧੂ ਨੇ ਕਿਹਾ ਕਿ ਵੀਰਵਾਰ ਨੂੰ ਉਹ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਗਵਰਨਰ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਜੇਕਰ ਕੋਈ ਪੰਜਾਬ ਹਿਤੈਸ਼ੀ ਉਨ੍ਹਾਂ ਨਾਲ ਆਉਣਾ ਚਾਹੁੰਦੇ ਹੈ ਤਾਂ ਆ ਸਕਦਾ ਹੈ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਪ੍ਰਧਾਨ ਵੀ ਉਨ੍ਹਾਂ ਨਾਲ ਆਉਂਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ ਜੇ ਆਉਣਾ ਚਾਹੁਣ ਤਾਂ ਮੈਂ ਪਿੱਛੇ ਵੀ ਹੱਟ ਸਕਦਾ ਹਾਂ।