ਨੈਸ਼ਨਲ ਡੈਸਕ, 7 ਜੁਲਾਈ (ਦਲਜੀਤ ਸਿੰਘ)- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ ‘ਚ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਹਸਪਤਾਲ ‘ਚ ਆਖ਼ਰੀ ਸਾਹ ਲਏ। ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੁੰਬਈ ‘ਚ ਕਈ ਵਾਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਦੇ ਦਿਹਾਂਤ ਨਾਲ ਬਾਲੀਵੁੱਡ ਅਤੇ ਦੇਸ਼ ‘ਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਦਿਲੀਪ ਕੁਮਾਰ ਨੂੰ ਪਿਛਲੇ ਇਕ ਮਹੀਨੇ ਤੋਂ 2 ਵਾਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। 5 ਜੁਲਾਈ ਨੂੰ ਹੀ ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ਤੋਂ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਲਿਆ ਗਿਆ ਸੀ।
ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਵੱਲੋਂ ਬਿਆਨ ‘ਚ ਕਿਹਾ ਗਿਆ ਸੀ ਕਿ ਦਿਲੀਪ ਕੁਮਾਰ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਉਹ ਅਜੇ ਵੀ ਹਸਪਤਾਲ ‘ਚ ਹਨ ਪਰ ਉਨ੍ਹਾ ਦੀ ਸਿਹਤ ਸਬੰਧੀ ਅਪਡੇਟ ਤੋਂ 2 ਦਿਨ ਬਾਅਦ ਹੀ ਦਿਲੀਪ ਕੁਮਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।