ਚੰਬਾ, 16 ਅਪ੍ਰੈਲ (ਬਿਊਰੋ)- ਹਿਮਾਚਲ ਪ੍ਰਦੇਸ਼ ’ਚ ਹੁਣ ਹਿਮਾਚਲ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਵਿਚ ਔਰਤਾਂ ਤੋਂ ਅੱਧਾ ਕਿਰਾਇਆ ਲਿਆ ਜਾਵੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਚੰਬਾ ਵਿਚ ਆਯੋਜਿਤ ਸੂਬਾ ਪੱਧਰੀ ਹਿਮਾਚਲ ਦਿਵਸ ਸਮਾਰੋਹ ਦੌਰਾਨ ਮਹਿਲਾ ਯਾਤਰੀਆਂ ਨੂੰ ਕਿਰਾਏ ਵਿਚ 50 ਫ਼ੀਸਦੀ ਛੋਟ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਲਗਭਗ 60 ਕਰੋੜ ਰੁਪਏ ਦੇ ਲਾਭ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਪਹਿਲੀ ਜੁਲਾਈ ਤੋਂ ਸਾਰੇ ਬਿਜਲੀ ਖਪਤਕਾਰਾਂ ਨੂੰ 125 ਯੂਨਿਟ ਤਕ ਜ਼ੀਰੋ ਬਿੱਲ ਦੀ ਸਹੂਲਤ ਪ੍ਰਦਾਨ ਕਰਨ ਅਤੇ ਉਨ੍ਹਾਂ ਤੋਂ ਕੋਈ ਬਿਜਲੀ ਬਿੱਲ ਨਾ ਲੈਣ ਦਾ ਵੀ ਉਨ੍ਹਾਂ ਨੇ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸੂਬੇ ਦੇ 11.5 ਲੱਖ ਬਿਜਲੀ ਖਪਤਕਾਰਾਂ ਨੂੰ 250 ਕਰੋੜ ਰੁਪਏ ਦੇ ਲਾਭ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਪੇਂਡੂ ਇਲਾਕਿਆਂ ਵਿਚ ਰਹਿ ਰਹੇ ਸਾਰੇ ਪਰਿਵਾਰਾਂ ਤੋਂ ਪਾਣੀ ਦਾ ਕੋਈ ਬਿੱਲ ਨਾ ਲੈਣ ਦਾ ਵੀ ਐਲਾਨ ਕੀਤਾ, ਜਿਸ ਦੇ ਨਾਲ ਸੂਬੇ ਦੇ ਪੇਂਡੂ ਪਰਿਵਾਰਾਂ ਨੂੰ 30 ਕਰੋੜ ਰੁਪਏ ਦੇ ਵਿੱਤੀ ਲਾਭ ਪ੍ਰਦਾਨ ਹੋਣਗੇ। ਮੁੱਖ ਮੰਤਰੀ ਨੇ ਇਸ ਮੌਕੇ ਸੂਬੇ ਦੇ ਲੋਕਾਂ ਦਾ ਅਭਿਨੰਦਨ ਕਰਦੇ ਹੋਏ ਆਜ਼ਾਦੀ ਘੁਲਾਟੀਏ, ਹਿਮਾਚਲ ਨਿਰਮਾਤਾ ਅਤੇ ਪਹਿਲੇ ਮੁੱਖ ਮੰਤਰੀ ਡਾ. ਯਸ਼ਵੰਤ ਸਿੰਘ ਪਰਮਾਰ ਨੂੰ ਵੀ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਨੂੰ ਉਦਯੋਗਿਕ ਪੈਕੇਜ ਪ੍ਰਦਾਨ ਕੀਤਾ ਸੀ। ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਨੂੰ ਵੀ ਕੋਰੋਨਾ ਮਹਾਮਾਰੀ ਕਾਰਨ ਔਖੇ ਸਮੇਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਸੂਬਾ ਨਾ ਸਿਰਫ ਇਸ ਸਥਿਤੀ ’ਤੇ ਕਾਬੂ ਪਾਉਣ ’ਚ ਸਮਰੱਥ ਰਿਹਾ ਸਗੋਂ ਵਿਕਾਸ ਦੀ ਰਫ਼ਤਾਰ ਨੂੰ ਵੀ ਬਿਨਾਂ ਰੁਕਾਵਟ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਮਾਚਲ ਪ੍ਰਦੇਸ਼ ਪ੍ਰਤੀ ਵਿਸ਼ੇਸ਼ ਲਗਾਅ ਕਾਰਨ ਉਨ੍ਹਾਂ ਦੇ ਕਾਰਜਕਾਲ ਵਿਚ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀਆਂ ਸੌਗਾਤਾਂ ਮਿਲੀਆਂ ਹਨ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਹਿਮਾਚਲ ਦਿਵਸ ਦੇ ਮੌਕੇ ’ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।