ਲੁਧਿਆਣਾ, 8 ਅਪ੍ਰੈਲ (ਬਿਊਰੋ)- ਸ਼ੁੱਕਰਵਾਰ ਸਵੇਰੇ ਅਚਨਚੇਤ ਕਾਰਵਾਈ ਕਰਦਿਆਂ ਗਲਾਡਾ ਵਿਭਾਗ ਦੀ ਟੀਮ ਨੇ ਸਵੇਰੇ ਅੱਠ ਵਜੇ ਲਾਦੀਆਂ ਇਲਾਕੇ ਦੀਆਂ ਛੇ ਨਾਜਾਇਜ਼ ਕਾਲੋਨੀਆਂ ਤੋੜੀਆਂ। ਜਾਣਕਾਰੀ ਦਿੰਦਿਆਂ ਜੂਨੀਅਰ ਇੰਜੀਨੀਅਰ ਸਾਹਿਲ ਸਾਹੀ ,ਐਸਡੀਓ ਖੁਸ਼ਪ੍ਰੀਤ ਸਿੰਘ, ਹਰ ਸ਼ਮਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਗਲਾਡਾ ਦੀ ਟੀਮ ਨੇ ਨੰਦੀ ਵੈਸ਼ਨਵੀ ਖ਼ੁਸ਼ੀ ਸਰਪੰਚ ਅਤੇ ਆਸ਼ੀਰਵਾਦ ਦੇ ਨਾਮ ਦੀ ਦੀਆਂ ਨਾਜਾਇਜ਼ ਕਾਲੋਨੀਆਂ ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਲੋਨੀਆਂ ਲਾਦੀਆਂ ,ਚੂਡ਼ਪੁਰ ਅਤੇ ਸਾਊਥ ਸਿਟੀ ਇਲਾਕੇ ਵਿਚ ਪੈਂਦੀਆਂ ਹਨ। ਗਲਾਡਾ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜ਼ਰਾਂ ਨੇ ਗਲਾਡਾ ਵਿਭਾਗ ਦੀ ਮਸ਼ੀਨ ਦੇ ਅੱਗੇ ਖੜ੍ਹੇ ਹੋ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਹੈਬੋਵਾਲ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਮਨੀ ਨੇ ਦਸਿਆ ਕੇ ਪ੍ਰਾਪਰਟੀ ਕਾਰੋਬਾਰ ਬਰਬਾਦੀ ਦੀ ਕਗਾਰ ਤੇ ਆ ਕੇ ਖੜ੍ਹਾ ਹੋ ਗਿਆ ਹੈ। 15 ਦਿਨ ਪਹਿਲੋਂ ਸਰਕਾਰ ਦੇ ਨੁਮਾਇੰਦਿਆਂ ਨੇ ਅਸ਼ਵਾਸਨ ਦਿੱਤਾ ਸੀ ਕਿ ਜਲਦ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ, ਪਰ ਉਸਦੇ ਬਾਵਜੂਦ ਵੀ ਕਾਲੋਨੀਆਂ ਤੇ ਕਾਰਵਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਲੋਨਾਈਜ਼ਰਾਂ ਨੇ ਪਹਿਲੋਂ ਵੀ ਸਰਕਾਰ ਨੂੰ ਪਾਲਿਸੀ ਲਿਆਉਣ ਦੀ ਬੇਨਤੀ ਕੀਤੀ ਸੀ। ਜੇਕਰ ਸਰਕਾਰ ਪਾਲਿਸੀ ਲਿਆਂਦੀ ਹੈ ਤਾਂ ਇਸ ਨਾਲ ਜਿੱਥੇ ਪ੍ਰਾਪਰਟੀ ਕਾਰੋਬਾਰ ਨੂੰ ਸਹਾਇਤਾ ਮਿਲੇਗੀ ਉਥੇ ਸਰਕਾਰ ਦਾ ਖਜ਼ਾਨਾ ਵੀ ਭਰੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧੀ ਜਲਦ ਹੀ ਵਿਧਾਇਕ ਮਦਨ ਲਾਲ ਬੱਗਾ ਨੂੰ ਮਿਲਿਆ ਜਾਵੇਗਾ।