ਅੰਮ੍ਰਿਤਸਰ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਸਿੱਖਾਂ ਦੇ ਹੋ ਰਹੇ ਧਰਮ ਪਰਿਵਰਤਨ ਦੇ ਮਾਮਲੇ ਦੀ ਪੜਤਾਲ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੜਤਾਲੀਆ ਟੀਮ ਨੇ ਵੱਡਾ ਖੁਲਾਸਾ ਕੀਤਾ ਹੈ। ਟੀਮ ਮੁਤਾਬਕ, ਸ਼ਾਰਦਾ ਨਦੀ ਦੇ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਗ਼ਰੀਬ ਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਧਰਮ ਪਰਿਵਰਤਨ ਲਈ ਮਜਬੂਰ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਸਿੱਖ ਭਾਈਚਾਰੇ ਦੇ 3000 ਲੋਕਾਂ ਵੱਲੋਂ ਧਰਮ ਪਰਿਵਰਤਨ ਕਰਨ ਦੇ ਮਾਮਲੇ ’ਤੇ ਰਿਪੋਰਟ ਤਿਆਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਮਿਸ਼ਨ ਉੱਤਰ ਪ੍ਰਦੇਸ਼ ਦੇ ਇੰਚਾਰਜ ਭਾਈ ਸੁਖਵਿੰਦਰ ਸਿੰਘ ਐੱਮਏ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਵੱਲੋਂ ਹੁਣ ਤੱਕ ਦੀ ਰਿਪੋਰਟ ਵਿਚ ਵੱਡਾ ਖੁਲਾਸਾ ਹੋਇਆ ਹੈ ਕਿ ਸ਼ਰਾਧਾ ਨਦੀ ਦੀ ਮਾਰ ਹੇਠ ਆਉਂਣ ਵਾਲੇ ਇਲਾਕਿਆਂ ਨੂੰ ਧਰਮ ਪਰਿਵਰਤਨ ਕਰਵਾਉਂਣ ਦਾ ਕੇਂਦਰ ਬਣਾਇਆ ਜਾ ਰਿਹਾ ਹੈ।
ਭਾਈ ਸੁਖਵਿੰਦਰ ਸਿੰਘ ਐੱਮਏ ਨੇ ਦੱਸਿਆ ਕਿ ਪੀਲੀਭੀਤ ਇਲਾਕੇ ਦੇ 15-20 ਪਿੰਡਾਂ ਵਿਚ ਸਿੱਖ ਭਾਈਚਾਰੇ ਦੇ 20-22 ਹਜ਼ਾਰ ਲੋਕ ਰਹਿੰਦੇ ਹਨ। ਇਸ ਇਲਾਕੇ ਨੂੰ ਇਸਾਈ ਭਾਈਚਾਰੇ ਦੇ ਪੈਰੋਕਾਰਾਂ ਵਲੋਂ ਕੇਂਦਰ ਬਣਾ ਕੇ ਆਪਣਾ ਪ੍ਰਚਾਰ ਕਰਦਿਆ ਹਿੰਦੂ, ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਧਰਮ ਪਰਿਵਰਤਨ ਵਾਲੇ ਪਾਸੇ ਤੋਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਇਲਾਕਾ ਸ਼ਾਰਧਾ ਨਦੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਇਕ ਹੈ। ਲਗਾਤਾਰ ਹੜ੍ਹਾਂ ਦੀ ਮਾਰ ਕਾਰਨ ਲੋਕ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੋ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਦੀ ਗ਼ਰੀਬੀ ਦਾ ਫ਼ਾਇਦਾ ਚੁੱਕਦੇ ਹੋਏ ਇਸਾਈ ਪੈਰੋਕਾਰ ਮਦਦ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾ ਰਹੇ ਹਨ। ਭਾਰਤ-ਨੇਪਾਲ ਦੇ ਸਰਹੱਦੀ ਖੇਤਰ ਦੇ ਕੁਝ ਪਿੰਡਾਂ ਵਿਚ ਵਸਦੇ ਪਰਿਵਾਰਾਂ ਨੂੰ ਦਬਾਅ, ਲਾਲਚ ਤੇ ਬਿਮਾਰੀ ਦੇ ਇਲਾਜ ਦੇ ਝੂਠੇ ਵਾਅਦਿਆਂ ਨਾਲ ਅਗਿਆਨਤਾ ਤੇ ਭਰਮਜਾਲ ਤਹਿਤ ਗੁਮਰਾਹ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਕਰਨ ਵਾਲੇ ਪਾਸੋਂ ਇਕ ਹਲਫ਼ੀਆ ਬਿਆਨ ਵੀ ਭਰਵਾਇਆ ਜਾਂਦਾ ਹੈ, ਜਿਸ ਵਿਚ ਇਹ ਬਾਕਾਇਦਾ ਤੌਰ ’ਤੇ ਲਿਖਵਾਇਆ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰ ਰਿਹਾ ਹੈ। ਸਮਾਜ ਤੋਂ ਪੱਛੜ ਚੁੱਕੇ ਜਾਂ ਆਰਥਿਕ ਪੱਖੋਂ ਕਮਜ਼ੋਰ ਲੋਕ ਇਨ੍ਹਾਂ ਚਲਾਕ ਲੋਕਾਂ ਦੇ ਝਾਂਸੇ ਵਿਚ ਫਸ ਰਹੇ ਹਨ।