ਚੰਡੀਗੜ੍ਹ, 2 ਅਪ੍ਰੈਲ (ਬਿਊਰੋ)- ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਨੂੰ ਬੰਦ ਕਰਨ ਦੇ ਕੇਂਦਰ ਦੇ ਫ਼ੈਸਲੇ ‘ਤੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਵਾਲ ਚੁੱਕੇ ਗਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਕੇਂਦਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ 1,500 ਬਾਲ ਮਜ਼ਦੂਰਾਂ ਦੇ ਕਰੀਅਰ ‘ਤੇ ਬੁਰਾ ਅਸਰ ਪਵੇਗਾ |
ਜ਼ਿਕਰਯੋਗ ਹੈ ਕਿ ਇਸ ਸਕੀਮ ਅਧੀਨ ਸਥਾਪਿਤ ਕੀਤੇ ਗਏ ਵਿਸ਼ੇਸ਼ ਸਿਖਲਾਈ ਕੇਂਦਰ (ਐਸ.ਟੀ.ਸੀ.) 1 ਅਪ੍ਰੈਲ ਤੋਂ ਬੰਦ ਹੋ ਗਏ ਹਨ। ਪੰਜਾਬ ਵਿਚ, ਅਜਿਹੇ ਕੇਂਦਰ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚ ਸਨ, ਜੋ 2001 ਤੋਂ ਕੰਮ ਕਰ ਰਹੇ ਸਨ। ਐਸ.ਟੀ.ਸੀ. ਉਨ੍ਹਾਂ ਲਈ ਸ਼ੁਰੂ ਕੀਤੀ ਗਈ ਸੀ ਜੋ ਬਾਲ ਮਜ਼ਦੂਰੀ ਕਰਦੇ ਸਨ ਅਤੇ ਕਿਸੇ ਸਕੂਲ ਵਿਚ ਦਾਖ਼ਲ ਨਹੀਂ ਸਨ। ਸਿੱਖਿਆ ਤੋਂ ਇਲਾਵਾ, ਕਿੱਤਾਮੁਖੀ ਸਿਖਲਾਈ ਇਸ ਦਾ ਮੁੱਖ ਖੇਤਰ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਸਰਵ ਸਿੱਖਿਆ ਅਭਿਆਨ ਦੇ ਤਹਿਤ ਰਾਸ਼ਟਰੀ ਬਾਲ ਮਜ਼ਦੂਰ ਪ੍ਰੋਜੈਕਟ ਨੂੰ ਸ਼ਾਮਿਲ ਕੀਤਾ ਹੈ। ਇਸਦਾ ਮਤਲਬ ਹੈ ਕਿ ਵਿਸ਼ੇਸ਼ ਸਿਖਲਾਈ ਕੇਂਦਰ ਵਾਲੇ ਵਿਦਿਆਰਥੀ ਹੁਣ ਮੁੱਖ ਧਾਰਾ ਦੇ ਸਕੂਲਾਂ ਵਿਚ ਦਾਖ਼ਲ ਹੋਣਗੇ।