ਨਵੀਂ ਦਿੱਲੀ, ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਦੌਰਾਨ ਸੰਸਦ ਦੀ ਸਾਂਝੀ ਕਮੇਟੀ ਵੱਲੋਂ ਵਕਫ਼ ਬਿੱਲ ਆਪਣੀ ਰਿਪੋਰਟ ਰਾਜ ਸਭਾ ਵਿਚ ਪੇਸ਼ ਕੀਤੀ ਗਈ। ਇਸ ਦੌਰਾਨ ਸੱਤਾਧਿਰ ਤੇ ਵਿਰੋਧ ਧਿਰਾਂ ਦੇ ਮੈਂਬਰਾਂ ਦਰਮਿਆਨ ਜਮ ਕੇ ਬਹਿਸ ਹੋਈ, ਜਿਸ ਕਰਕੇ ਸਦਨ ਦੀ ਕਾਰਵਾਈ ਨੂੰ ਕੁਝ ਦੇਰ ਲਈ ਮੁਲਤਵੀ ਕਰਨਾ ਪਿਆ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਜੇਪੀਸੀ ਦੀ ਰਿਪੋਰਟ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਬਿੱਲ ਬਾਰੇ ਜਤਾਏ ਇਤਰਾਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਰਿਪੋਰਟ ਨੂੰ ‘ਫ਼ਰਜ਼ੀ’ ਕਰਾਰ ਦਿੱਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਵਿਰੋਧੀ ਧਿਰਾਂ ਦੇ ਮੈਂਬਰ ਮਗਰੋਂ ਸਦਨ ’ਚੋਂ ਵਾਕਆਊਟ ਕਰ ਗਏ।
ਭਾਜਪਾ ਮੈਂਬਰ ਮੇਧਾ ਵਿਸ਼ਰਾਮ ਕੁਲਕਰਨੀ, ਜੋ ਜੇਪੀਸੀ ਦੇ ਮੈਂਬਰ ਵੀ ਹਨ, ਨੇ ਵਕਫ਼ ਸੋਧ ਬਿੱਲ ਬਾਰੇ ਰਿਪੋਰਟ ਸਦਨ ਵਿਚ ਰੱਖੀ। ਉਨ੍ਹਾਂ ਜਿਵੇਂ ਹੀ ਰਿਪੋਰਟ ਪੇਸ਼ ਕੀਤੀ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਰੌਲੇ-ਰੱਪੇ ਦਰਮਿਆਨ ਹੀ ਚੇਅਰਮੈਨ ਜਗਦੀਪ ਧਨਖੜ ਨੇ ਰਾਸ਼ਟਰਪਤੀ ਦਰੋਪਰੀ ਮੁਰਮੂ ਦਾ ਸੰਦੇਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ। ਧਨਖੜ ਨੇ ਮੈਂਬਰਾਂ ਨੂੰ ਕਿਹਾ ਕਿ ‘ਉਹ ਭਾਰਤ ਦੀ ਰਾਸ਼ਟਰਪਤੀ ਪ੍ਰਤੀ ਨਿਰਾਦਰ ਨਾ ਦਿਖਾਉਣ।’’ ਉਨ੍ਹਾਂ ਖੜਗੇ ਨੂੰ ਅਪੀਲ ਕੀਤੀ ਕਿ ਉਹ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਸੀਟਾਂ ’ਤੇ ਬੈਠਣ ਲਈ ਆਖਣ। ਰੌਲਾ ਰੱਪਾ ਜਾਰੀ ਰਿਹਾ ਤਾਂ ਚੇਅਰਮੈਨ ਨੇ ਸਦਨ ਨੂੰ 11:20 ਵਜੇ ਤੱਕ ਮੁਲਤਵੀ ਕਰ ਦਿੱਤਾ।