ਅੰਮ੍ਰਿਤਸਰ, 15 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੁੱਜੇ ਅਤੇ ਪੇਸ਼ੀ ਭੁਗਤੀ। ਸੰਜੈ ਸਿੰਘ 2016 ‘ਚ ਬਿਕਰਮ ਮਜੀਠੀਆ ਦੀ ਤਰਫ਼ੋਂ ਮਾਣਹਾਨੀ ਦੇ ਕੇਸ ‘ਚ ਪੇਸ਼ ਹੋਣ ਲਈ ਅਦਾਲਤ ‘ਚ ਪਹੁੰਚੇ ਸਨ। ਅਦਾਲਤ ਪਹੁੰਚਣ ‘ਤੇ ਉਨ੍ਹਾਂ ਨੇ ਟਵੀਟ ਕਰਕੇ ਵੀ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੱਚ ਦੀ ਲੜਾਈ ਅਜੇ ਜਾਰੀ ਹੈ।
ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ‘ਤੇ ਨਸ਼ਾ ਕਰਨ ਦੇ ਬਿਆਨ ‘ਤੇ ਕੇਸ ਦਰਜ ਕੀਤਾ ਸੀ, ਜਿਸ ਕਾਰਨ ਇਸ ਕੇਸ ਦੀ ਸੁਣਵਾਈ ਪਿਛਲੇ 6 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਚਿੱਠੀ ਲਿਖ ਕੇ ਮੁਆਫ਼ੀ ਮੰਗ ਲਈ ਸੀ ਪਰ ਸੰਜੇ ਸਿੰਘ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਅਤੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਉਦੋਂ ਤੋਂ ਉਹ ਲਗਾਤਾਰ ਸੁਣਵਾਈ ‘ਤੇ ਹਾਜ਼ਰ ਹੋਣ ਲਈ ਅਦਾਲਤ ਪਹੁੰਚਦਾ ਹੈ।