ਰਾਏਪੁਰ, 14 ਮਾਰਚ (ਬਿਊਰੋ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ‘ਚ ਨਕਸਲੀਆਂ ਵਲੋਂ ਲਾਏ ਗਏ ਇਕ ਪ੍ਰੈਸ਼ਰ ਬੰਬ ‘ਚ ਵਿਸਫ਼ੋਟ ਹੋਣ ਕਾਰਨ ਸੋਮਵਾਰ ਨੂੰ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ ਅਤੇ ਇਕ ਹੌਲਦਾਰ ਜ਼ਖ਼ਮੀ ਹੋ ਗਿਆ। ਬਸਤਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ ਸੁੰਦਰਰਾਜ ਪੀ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸੋਨਪੁਰ ਥਾਣਾ ਖੇਤਰ ਦੇ ਅਧੀਨ ਸੋਨਪੁਰ ਅਤੇ ਢੋਂਡਰੀਬੇੜਾ ਪਿੰਡਾਂ ਦੇ ਮੱਧ ਲਾਏ ਗਏ ਪ੍ਰੈਸ਼ਰ ਬੰਬ ਦੀ ਲਪੇਟ ‘ਚ ਆਉਣ ਨਾਲ ਆਈ.ਟੀ.ਬੀ.ਪੀ. ਦੇ ਸਹਾਇਕ ਸਬ ਇੰਸਪੈਕਟਰ ਰਾਜੇਂਦਰ ਸਿੰਘ ਸ਼ਹੀਦ ਹੋ ਗਏ ਅਤੇ ਹੌਲਦਾਰ ਮਹੇਸ਼ ਜ਼ਖ਼ਮੀ ਹੋ ਗਏ।
ਸੁੰਦਰਰਾਜ ਨੇ ਦੱਸਿਆ ਕਿ ਸੋਨਪੁਰ ਥਾਣਾ ਖੇਤਰ ‘ਚ ਆਈ.ਟੀ.ਬੀ.ਪੀ. ਦੀ 53ਵੀਂ ਬਟਾਲੀਅਨ ਦੀ ਫ਼ੋਰਸ ਨੂੰ ਸੋਨਪੁਰ ਅਤੇ ਢੋਂਡਰੀਬੇੜਾ ਪਿੰਡਾਂ ਦੇ ਮੱਧ ਸੜਕ ਨਿਰਮਾਣ ਕੰਮ ਦੀ ਸੁਰੱਖਿਆ ਲਈ ਸੋਮਵਾਰ ਸਵੇਰੇ ਰਵਾਨਾ ਕੀਤਾ ਗਿਆ ਸੀ। ਫ਼ੋਰਸ ਦੇ ਜਵਾਨ ਜਦੋਂ ਹਾਦਸੇ ਵਾਲੀ ਜਗ੍ਹਾ ‘ਤੇ ਸੀ, ਉਦੋਂ ਉਨ੍ਹਾਂ ਦਾ ਪੈਰ ਨਕਸਲੀਆਂ ਵਲੋਂ ਲਾਏ ਗਏ ਪ੍ਰੈਸ਼ਰ ਬੰਬ ਦੇ ਉੱਪਰ ਚੱਲਾ ਗਿਆ, ਜਿਸ ਨਾਲ ਬੰਬ ‘ਚ ਵਿਸਫ਼ੋਟ ਹੋ ਗਿਆ। ਇਸ ਘਟਨਾ ‘ਚ ਸਿੰਘ ਸ਼ਹੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਜਵਾਨ ਅਤੇ ਅਧਿਕਾਰੀ ਦੀ ਲਾਸ਼ ਹਾਦਸੇ ਵਾਲੀ ਜਗ੍ਹਾ ਤੋਂ ਬਾਹਰ ਕੱਢਿਆ ਗਿਆ। ਜ਼ਖ਼ਮੀ ਜਵਾਨ ਨੂੰ ਨਾਰਾਇਣਪੁਰ ਜ਼ਿਲ੍ਹੇ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਰਾਏਪੁਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤਰ ‘ਚ ਨਕਸਲੀਆਂ ਵਿਰੁੱਧ ਮੁਹਿੰਮ ਜਾਰੀ ਹੈ।