ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਡਾ. ਰਾਜੂ

ਚੰਡੀਗੜ੍ਹ, 9 ਮਾਰਚ:ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪ੍ਰਬੰਧ ਕਰ ਲਏ ਗਏ ਹਨ।ਇਹ ਜਾਣਕਾਰੀ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਦੱਸਿਆ ਕਿ ਇਨ੍ਹਾਂ 117 ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 7500 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਕਾਰਜ ਨੂੰ ਨੇਪਰੇ ਚਾੜਣਗੇ। ਹਰੇਕ ਗਿਣਤੀ ਕੇਂਦਰ ਤੇ ਮੀਡੀਆ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ ਜਿੱਥੇ ਪੱਤਰਕਾਰਾਂ ਨੂੰ ਗਿਣਤੀ ਦੇ ਰਾਊਂਡ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਗਿਣਤੀ ਕੇਂਦਰਾਂ ਵਿੱਚ ਜਾਣ ਲਈ 3562 ਪੱਤਰਕਾਰਾਂ ਨੂੰ ਸ਼ਨਾਖ਼ਤੀ ਪੱਤਰ ਜਾਰੀ ਕੀਤੇ ਗਏ ਹਨ ਜੋ ਕਿ ਰਿਟਰਨਿੰਗ ਅਫ਼ਸਰ ਨਾਲ ਤਾਲਮੇਲ ਕਰਨ ਉਪਰੰਤ ਗਿਣਤੀ ਕੇਂਦਰ ਵਿੱਚ ਮਿੱਥੀ ਹੋਈ ਹੱਦ ਤੱਕ ਜਾ ਸਕਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਸਰਕਾਰੀ ਰਿਕਾਰਡ ਹਿੱਤ ਹੀ ਵੀਡੀਓ ਅਤੇ ਸਟਿੱਲ ਕੈਮਰਾ ਲਿਜਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕਿਸੇ ਹੋਰ ਨੂੰ ਵੀਡੀਓ ਅਤੇ ਸਟਿੱਲ ਕੈਮਰਾ ਪੱਕੇ ਤੌਰਤੇ ਗਿਣਤੀ ਕੇਂਦਰ ਵਿੱਚ ਲਿਜਾਣ ਦੀ ਆਗਿਆ ਨਹੀਂ ਹੋਵੇਗੀ।ਭਾਰਤ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਪੱਤਰਕਾਰ ਰਿਟਰਨਿੰਗ ਅਫ਼ਸਰ ਦੁਆਰਾ ਨਿਰਧਾਰਤ ਸਥਾਨ ਤੋਂ ਹੀ ਫੋਟੋ ਖਿੱਚ ਸਕਣਗੇ ਅਤੇ ਵੀਡੀਓ ਬਣਾ ਸਕਣਗੇ।

ਉਨ੍ਹਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ 14 ਕਾਉਂਟਿੰਗ ਟੇਬਲ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਵਿਸ ਵੋਟਰਾਂ ਨੂੰ ਜਾਰੀ ਈ.ਟੀ.ਪੀ.ਬੀ. ਅਤੇ ਚੋਣ ਡਿਊਟੀ ਵਿੱਚ ਲੱਗੇ ਅਧਿਕਾਰੀਆਂ/ਕਰਮਚਾਰੀਆਂ ਅਤੇ ਈ.ਸੀ.ਆਈ. ਦੀਆਂ ਹਦਾਇਤਾਂ ਅਨੁਸਾਰ ਪ੍ਰਾਪਤ ਬੈਲਟ ਪੇਪਰਾਂ ਦੀ ਗਿਣਤੀ ਲਈ ਵੱਖਰੇ ਤੌਰਤੇ ਟੇਬਲ ਲਗਾਏ ਜਾਣਗੇ।
ਪੰਜਾਬ ਰਾਜ ਵਿੱਚ ਜ਼ਿਲ੍ਹਾ ਚੋਣ ਅਫ਼ਸਰਾਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਜ਼ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਗਿਣਤੀ ਕੇਂਦਰ ਦੇ ਬਾਹਰ ਲੋਕਾਂ ਦੇ ਇਕੱਤਰ ਹੋਣ ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਉਮੀਦਵਾਰ ਜਾਂ ਉਸਦਾ ਅਧਿਕਾਰਤ ਪ੍ਰਤੀਨਿਧ ਸਿਰਫ਼ ਦੋ ਵਿਅਕਤੀਆਂ ਨੂੰ ਨਾਲ ਲਿਜਾ ਕੇ ਚੋਣ ਸਬੰਧੀ ਸਰਟੀਫਿਕੇਟ ਹਾਸਲ ਕਰ ਸਕਦਾ ਹੈ।ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵੱਲੋਂ ਜਲੂਸ ਕੱਢਣਤੇ ਵੀ ਮਨਾਹੀ ਹੈ।

ਸੀ.ਈ.ਓ. ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ https://www.ceopunjab.gov.in ਤੋਂ ਇਲਾਵਾ https://results.eci.gov.in ਤੋਂ ਹਾਸਲ ਕੀਤੀ ਜਾ ਸਕਦੀ ਹੈ।ਇਸ ਦੇ ਨਾਲ ਹੀ ਵੋਟਰ ਹੈਲਪਲਾਈਨ ਮੋਬਾਇਲ ਐਪ ਤੋਂ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਕਾਊਂਟਿੰਗ ਵਾਲੇ ਦਿਨ ਭਾਵ 10 ਮਾਰਚ, 2022 ਨੂੰ ਸਰਕਾਰ ਵੱਲੋਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।

Leave a Reply

Your email address will not be published. Required fields are marked *