- ਸੂਬੇ ਦੇ ਸਮੂਹ ਪੱਤਰਕਾਰਾਂ ਨੂੰ ਪੈਨਸ਼ਨ ਅਤੇ ਹੋਰ ਸਹੂਲਤਾਂ ਦੇਣ ਅਤੇ ਟੋਲ ਪਲਾਜ਼ਾ ’ਤੇ ਛੋਟ ਦੇਣ ਦੀ ਕੀਤੀ ਮੰਗ
ਚੰਡੀਗੜ, 5 ਮਾਰਚ – ਚੰਡੀਗੜ ਅਤੇ ਹਰਿਆਣਾ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਬਰਾੜ, ਚੇਅਰਮੈਨ ਬਲਵੰਤ ਤਕਸ਼ਕ,ਚੰਡੀਗੜ ਪ੍ਰੈੱਸ ਕਲੱਬ ਦੇ ਪ੍ਰਧਾਨ ਨਲਿਨ ਅਚਾਰਿਆ ਅਤੇ ਸੂਬਾ ਸਕੱਤਰ ਅਭਿਸ਼ੇਕ, ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚੰਡੀਗੜ ਵਿਖੇ ਮਿਲ ਕੇ ਮੰਗ ਪੱਤਰ ਦਿੱਤਾ. ਇੰਡੀਅਨ ਜਰਨਲਿਸਟ ਯੂਨੀਅਨ ਨਾਲ ਸਬੰਧਤ ਚੰਡੀਗੜ ਅਤੇ ਹਰਿਆਣਾ ਜਰਨਲਿਸਟ ਯੂਨੀਅਨ (ਰਜਿ) ਦੇ ਪ੍ਰਧਾਨ ਰਾਮ ਸਿੰਘ ਬਰਾੜ ਅਤੇ ਚੇਅਰਮੈਨ ਬਲਵੰਤ ਤਕਸ਼ਕ ਨੇ ਪੱਤਰਕਾਰਾਂ ਦੀਆਂ ਮੰਗਾਂ ਵਿਚ ਕੋਰੋਨਾ ਕਾਲ ਦੌਰਾਨ ਸ਼ਹੀਦ ਹੋਏ ਪੱਤਰਕਾਰਾਂ ਨੂੰ ਕੋਰੋਨਾ ਯੋਧਾ ਮੰਨਦੇ ਹੋਏ ਉਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੀ ਮਾਲੀ ਮਦਦ ਦੇਣ, ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਪੱਤਰਕਾਰਾਂ ਦੀ ਪੈਨਸ਼ਨ ਯੋਜਨਾ ’ਚ ਵਾਧਾ ਕਰਕੇ 20 ਹਜ਼ਾਰ ਰੁ. ਮਹੀਨਾ ਕਰਨ, ਮਾਨਤਾ ਦੇ ਨਿਯਮਾਂ ਨੰੂ ਸਰਲ ਬਣਾਉਣ, ਵੱਡੇ ਕਸਬਿਆਂ ਦੇ ਪੱਤਰਕਾਰਾਂ ਨੂੰ ਵੀ ਮਾਨਤਾ, ਰਾਜ ਪੱਧਰੀ ਪ੍ਰੈੱਸ ਮਾਨਤਾ ਕਮੇਟੀ ਦਾ ਗਠਨ ਕਰਨ ਦੀ ਜਿੱਥੇ ਮੰਗ ਕੀਤੀ ਗਈ, ਉਥੇ ਪੈਨਸ਼ਨ ਲਈ ਪੱਤਰਕਾਰਾਂ ਦੀ ਉਮਰ ਹੱਦ 60 ਤੋਂ ਘਟਾ ਕੇ 55 ਸਾਲ ਕਰਨ, ਦੁਰਘਟਨਾ, ਕੈਂਸਰ ਕਾਰਨ ਜਾਂ 60 ਸਾਲ ਦੀ ਉਮਰ ਤੋਂ ਪਹਿਲਾਂ ਮਰਨ ਵਾਲੇ ਪੱਤਰਕਾਰਾਂ ਲਈ ਉਮਰ ਹੱਦ ਦੀ ਸ਼ਰਤ ਹਟਾਉਣਾ, ਕੋਈ ਲਾਇਲਾਜ ਬਿਮਾਰੀ ਜਾਂ ਗੈਰ ਕੁਦਰਤੀ ਕਾਰਨ, ਉਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੀ ਸਹੂਲਤ, ਅਣਪਛਾਤੇ ਪੱਤਰਕਾਰਾਂ ਨੂੰ ਵੀ ਪੈਨਸ਼ਨ ਦੀ ਸਹੂਲਤ, ਸਾਰੇ ਪੱਤਰਕਾਰਾਂ ਨੂੰ ਕੈਸ਼ਲੈੱਸ ਮੈਡੀਕਲ ਸਹੂਲਤ ਦੇਣ ਦੀ ਮੰਗ ਹੈ ਅਤੇ ਅਣਪਛਾਤੇ ਪੱਤਰਕਾਰਾਂ ਨੂੰ ਵੀ ਕੈਸ਼ਲੈੱਸ ਮੈਡੀਕਲ ਸਹੂਲਤ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰੀਆ ਵੀ ਹਾਜ਼ਰ ਸਨ।
ਰਾਮ ਸਿੰਘ ਬਰਾੜ ਅਤੇ ਬਲਵੰਤ ਤਕਸ਼ਕ ਨੇ ਕਿਹਾ ਕਿ ਯੂਨੀਅਨ ਦੀਆਂ ਹੋਰ ਮੰਗਾਂ ਦੇ ਨਾਲ-ਨਾਲ ਹਰਿਆਣਾ ਦੇ ਪੱਤਰਕਾਰਾਂ ਲਈ ਚੰਡੀਗੜ ਅਤੇ ਪੰਚਕੂਲਾ ਵਿਚ ਸਰਕਾਰੀ ਰਿਹਾਇਸ਼ ਦਾ ਕੋਟਾ ਵਧਾਇਆ ਜਾਵੇ ਅਤੇ ਜ਼ਿਲਾ ਅਤੇ ਸਬ ਡਵੀਜ਼ਨ ਪੱਧਰ ’ਤੇ ਕੰਮ ਕਰਦੇ ਪੱਤਰਕਾਰਾਂ ਨੂੰ ਵੀ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਈ ਜਾਵੇ, ਚੰਡੀਗੜ ਦੀ ਤਰਜ਼ ’ਤੇ ਸ਼ਹਿਰੀ ਵਿਕਾਸ ਅਥਾਰਿਟੀ ਸੈਕਟਰਾਂ ਜਾਂ ਹਾਊਸਿੰਗ ਬੋਰਡ ਕਾਲੋਨੀਆਂ ਵਿਚ ਸੂਬਾ ਹੈੱਡਕੁਆਰਟਰ, ਜ਼ਿਲਾ, ਸਬ -ਡਵੀਜ਼ਨ ਅਤੇ ਬਲਾਕ ਹੈੱਡਕੁਆਰਟਰ ਨੂੰ ਪਹਿਲ ਦੇ ਆਧਾਰ ’ਤੇ ਜ਼ਮੀਨ ਅਤੇ ਪਲਾਟਾਂ ਦੀ ਅਲਾਟਮੈਂਟ, ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਬੱਸ ਯਾਤਰਾ ਦੀ ਸਹੂਲਤ ’ਤੇ ਲਗਾਈ ਗਈ ਕਿਲੋਮੀਟਰ ਸੀਮਾ ਨੂੰ ਖ਼ਤਮ ਕਰਨਾ ਅਤੇ ਰਾਜ ਦੇ ਸਾਰੇ ਰਾਸ਼ਟਰੀ ਰਾਜ ਮਾਰਗਾਂ ’ਤੇ ਬਣੇ ਟੋਲ ਪਲਾਜ਼ਿਆਂ ’ਤੇ ਪੱਤਰਕਾਰਾਂ ਨੂੰ ਟੋਲ ਤੋਂ ਛੋਟ ਦੇਣ ਅਤੇ ਸੂਬਾ ਸਰਕਾਰ ਦੀ ਇਸ਼ਤਿਹਾਰ ਨੀਤੀ ਨੂੰ ਹੋਰ ਪਾਰਦਰਸ਼ੀ ਬਣਾਉਣ ਅਤੇ ਛੋਟੇ ਅਤੇ ਦਰਮਿਆਨੇ ਅਖ਼ਬਾਰਾਂ ਨੂੰ ਵੀ ਨਿਯਮਤ ਇਸ਼ਤਿਹਾਰ ਦੇਣ ਦੀ ਵੀ ਮੰਗ ਕੀਤੀ ਗਈ ਹੈ. ਰਾਮ ਸਿੰਘ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੱਤਰਕਾਰਾਂ ਦੀਆਂ ਮੰਗਾ ਨੂੰ ਸਾਕਾਰਾਤਮਕ ਢੰਗ ਨਾਲ ਸੁਣਿਆ।