ਕਪੂਰਥਲਾ, 1 ਜੁਲਾਈ (ਦਲਜੀਤ ਸਿੰਘ)- ਕਪੂਰਥਲਾ ਪੁਲਸ ਨੇ ਪੈਟਰੋਲ ਪੰਪ ਅਤੇ ਕਿਸਾਨਾਂ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਾਂ-ਖੋਹਾਂ ਵਾਲੇ ਇਕ 6 ਮੈਂਬਰੀ ਸੂਬਾ ਪੱਧਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 10 ਪਿਸਤੌਲ, 1 ਰਾਈਫਲ, 6 ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਥਾਣਾ ਫੱਤੂਢੀਂਗਾ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਬਿਆਸ ਦਰਿਆ ਕੰਢੇ ਸਥਿਤ ਪਿੰਡ ਬਾਗੂਵਾਲ ’ਚ ਕੁਝ ਅਪਰਾਧੀ ਇਕੱਠੇ ਹੋਏ ਹਨ ਅਤੇ ਇਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਤਿਆਰ ਕਰ ਰਹੇ ਹਨ। ਜਿਸ ’ਤੇ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਪੁਲਸ ਟੀਮਾਂ ਨੇ ਤੁਰੰਤ ਖੇਤਰ ਦੀ ਘੇਰਾਬੰਦੀ ਕਰਦੇ ਹੋਏ ਗਿਰੋਹ ਦੇ 5 ਮੈਂਬਰ, ਜਿਨ੍ਹਾਂ ਪਾਸ ਜਾਨਲੇਵਾ ਹਥਿਆਰ ਸਨ, ਨੂੰ ਕਾਬੂ ਕਰਨ ਲਈ ਛਾਪਾ ਮਾਰਿਆ। ਪੁਲਸ ਦੀ ਇਸ ਕਾਰਵਾਈ ਦੌਰਾਨ 4 ਅਪਰਾਧੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ, ਜਦਕਿ ਇਕ ਮੁਲਜ਼ਮ ਭੱਜਣ ਲਈ ਕਾਮਯਾਬ ਹੋ ਗਿਆ। ਐੱਸ. ਐੱਸ. ਪੀ. ਖੱਖ ਨੇ ਦੱਸਿਆ ਕਿ ਮੁਲਜ਼ਮ ਯਾਦਵਿੰਦਰ ਸਿੰਘ ਯਾਦ ਦੇ ਕਬਜ਼ੇ ’ਚੋਂ 315 ਬੋਰ ਦੀ ਇਕ ਰਾਈਫਲ ਤੇ 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ, ਜਦਕਿ ਦੂਜੀ ਪੁਲਸ ਟੀਮ ਨੇ ਹਰਸਿਮਰਨਜੀਤ ਸਿੰਘ ਸਿਮਰ ਦੇ ਕਬਜ਼ੇ ’ਚੋਂ ਇਕ 32 ਬੋਰ ਤੇ 7.65 ਬੋਰ ਦੇ 2 ਪਿਸਤੌਲਾਂ ਬਰਾਮਦ ਕੀਤੀਆਂ।
ਇਸੇ ਤਰ੍ਹਾਂ ਤੀਜੀ ਪੁਲਸ ਟੀਮ ਨੇ ਗੁਰਜੀਤ ਸਿੰਘ ਦੇ ਕਬਜ਼ੇ ’ਚੋਂ .315 ਬੋਰ ਦੀ ਇਕ ਪਿਸਤੌਲ ਤੇ 7.65 ਬੋਰ ਦੀ ਇਕ ਪਿਸਤੌਲ ਬਰਾਮਦ ਕੀਤੀ, ਜਦਕਿ ਚੌਥੀ ਪੁਲਸ ਟੀਮ ਨੇ ਤਜਿੰਦਰ ਸਿੰਘ ਰੋਮੀ ਕੋਲੋਂ ਇਕ ਪਿਸਤੌਲ .315 ਬੋਰ ਸਮੇਤ 2 ਜ਼ਿੰਦਾ ਕਾਰਤੂਸ ਤੇ ਇਕ ਪਿਸਤੌਲ 7.62 ਬੋਰ ਦਾ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ’ਚ ਖ਼ੁਲਾਸਾ ਹੋਇਆ ਕਿ ਗਿਰੋਹ ਦਾ ਮੁਖੀ ਹਰਸਿਮਰਨਜੀਤ ਸਿੰਘ ਸਿਮਰ ਹੈ ਤੇ ਇਹ ਸਾਰੇ ਅੱਜ ਪੈਟਰੋਲ ਪੰਪ ’ਤੇ ਕਿਸਾਨਾਂ ਤੋਂ ਨਕਦੀ ਲੁੱਟਣ ਲਈ ਇਕੱਠੇ ਹੋਏ ਸਨ। ਮੁਲਜ਼ਮਾਂ ਕੋਲੋਂ ਬਰਾਮਦ ਸਾਰੇ 10 ਪਿਸਤੌਲ ਤੇ ਰਾਈਫਲ ਗਿਰੋਹ ਦਾ ਇਕ ਮੈਂਬਰ ਸਵੀਟੀ ਸਿੰਘ ਪੁੱਤਰ ਖਿਆਲ ਸਿੰਘ ਵਾਸੀ ਪਿੰਡ ਬਲਵਾਡ਼ੀ ਕੁਮਟੀ ਸਦਵਾ ਮੱਧ ਪ੍ਰਦੇਸ਼ ਤੋਂ ਸਮੱਗਲੰਿਗ ਕਰਕੇ ਲਿਆਇਆ ਸੀ। ਚਾਰੇ ਮੁਲਜ਼ਮਾਂ ਖ਼ਿਲਾਫ਼ ਥਾਣਾ ਫੱਤੂਢੀਂਗਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦਾ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਗਿਰੋਹ ਦੇ ਬਾਕੀ ਰਹਿੰਦੇ ਮੈਂਬਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।