ਮੁੰਬਈ, 16 ਫਰਵਰੀ (ਬਿਊਰੋ)- ਬਾਲੀਵੁੱਡ ਨੂੰ ਡਿਸਕੋ ਮਿਊਜ਼ਿਕ ਦੇਣ ਵਾਲੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਮੁੰਬਈ ਦੇ ਹਸਪਤਾਲ ’ਚ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਬੱਪੀ ਲਹਿਰੀ ਕੱਲ ਰਾਤ ਘਰ ’ਤੇ ਸਨ ਤੇ ਬੀਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੁਹੂ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ। ਬੱਪੀ ਲਹਿਰੀ ਨੂੰ 1970-80 ਦੇ ਦਹਾਕੇ ਦੀ ਸ਼ੁਰੂਆਤ ਦੀਆਂ ਕਈ ਫ਼ਿਲਮਾਂ ਜਿਵੇਂ ‘ਚਲਤੇ ਚਲਤੇ’, ‘ਡਿਸਕੋ ਡਾਂਸਰ’ ਤੇ ‘ਸ਼ਰਾਬੀ’ ’ਚ ਸੁਪਰਹਿੱਟ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਆਖਰੀ ਗੀਤ ‘ਬੰਕਸ’ 2020 ਦੀ ਫ਼ਿਲਮ ‘ਬ਼ਾਗੀ 3’ ਲਈ ਸੀ।
ਬੱਪੀ ਲਹਿਰੀ 1 ਮਹੀਨੇ ਤੋਂ ਹਸਪਤਾਲ ’ਚ ਦਾਖ਼ਲ ਸਨ ਤੇ ਸੋਮਵਾਰ ਹੀ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਹਤ ਸਬੰਧੀ ਉਨ੍ਹਾਂ ਨੂੰ ਕਈ ਸਮੱਸਿਆਵਾਂ ਸਨ। ਓ. ਐੱਸ. ਏ. ਕਾਰਨ ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਬੱਪੀ ਲਹਿਰੀ ਦਾ ਅਸਲੀ ਨਾਂ ਅਲੋਕੇਸ਼ ਲਹਿਰੀ ਸੀ। ਉਨ੍ਹਾਂ ਦਾ ਜਨਮ 27 ਨਵੰਬਰ, 1952 ਨੂੰ ਪੱਛਮੀ ਬੰਗਾਲ ਦੇ ਜਲਪਾਈਗੁੜੀ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਅਪਰੇਸ਼ ਲਹਿੜੀ ਤੇ ਮਾਂ ਦਾ ਨਾਂ ਬੰਸਾਰੀ ਲਹਿਰੀ ਹੈ।