ਸ਼੍ਰੀ ਹਰਗੋਬਿੰਦਪੁਰਾ, 9 ਫਰਵਰੀ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਅਤੇ ‘ਆਪ’ ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ10 ਤੋਂ 12 ਸੀਟਾਂ, ਆਮ ਆਦਮੀ ਪਾਰਟੀ ਨੂੰ 10 ਤੋਂ ਵੀ ਘੱਟ ਸੀਟਾਂ ਅਤੇ ਅਕਾਲੀ-ਬਸਪਾ ਗਠਜੋੜ ਨੂੰ 80 ਤੋਂ ਵਧੇਰੇ ਸੀਟਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਸਪਾ ਸਰਕਾਰ ਬਣਨ ’ਤੇ ਉਨ੍ਹਾਂ ਦੇ 2 ਮੁੱਖ ਟੀਚੇ ਰਹਿਣਗੇ। ਇਕ ਸਰਕਾਰੀ ਸਕੂਲਾਂ ਦਾ ਢਾਂਚਾ ਬਦਲਣਾ ਅਤੇ ਦੂਸਰਾ ਸਰਕਾਰ ਹਸਪਤਾਲਾਂ ਦੀ ਹਾਲਤ ਸੁਧਾਰਨੀ।
ਕਾਂਗਰਸ ਪਾਰਟੀ ’ਤੇ ਨਿਸ਼ਾਨਾ ਲਗਾਉਂਦੇ ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਨੂੰ ਕਾਂਗਰਸ ਨੇ ਆਪਣਾ ਨਵਾਂ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ ਉਸ ਦੇ ਭਾਣਜੇ ਦੇ ਘਰੋਂ ਈ.ਡੀ. ਵਲੋਂ ਛਾਪੇਮਾਰੀ ਕਰਕੇ 10 ਕਰੋੜ ਰੁਪਏ ਰੇਤ ਮਾਫੀਆ ਦਾ ਬਰਾਮਦ ਕੀਤਾ ਗਿਆ। ਬਾਦਲ ਨੇ ਕਿਹਾ ਕਿ ਜੇਕਰ ਚੰਨੀ ਨੇ 3 ਮਹੀਨਿਆਂ ’ਚ ਹੀ ਪੰਜਾਬ ਨੂੰ ਇੰਨਾ ਲੁੱਟ ਲਿਆ ਹੈ ਤਾਂ ਉਹ ਆਉਣ ਵਾਲੇ ਸਮੇਂ ’ਚ ਪੰਜਾਬ ਨੂੰ ਕਿੰਨਾ ਲੁੱਟੇਗਾ? ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਪਹਿਲਾਂ 4 ਸਾਲ ਕੈਪਟਨ ਵਰਗੇ ਮੁੱਖ ਮੰਤਰੀ ਨੇ ਪੰਜਾਬ ਨੂੰ ਬਰਮਾਦ ਕੀਤਾ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਚੰਨੀ ਬਰਮਾਦ ਕਰ ਰਿਹਾ ਹੈ।ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਆਉਣ ’ਤੇ ਸਾਰੇ ਝੂਠੇ ਕੇਸ ਬੰਦ ਕੀਤੇ ਜਾਣਗੇ ਅਤੇ ਜਿਹੜੇ ਅਫ਼ਸਰਾਂ ਨੇ ਝੂਠੇ ਕੇਸ ਕੀਤੇ ਹਨ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਕੇ ਜੇਲ੍ਹ ਭੇਜਿਆ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ਲਈ ਜਿਹੜੀਆਂ ਸਕੀਮਾਂ ਲਾਗੂ ਕੀਤੀਆਂ ਸਨ ਚਾਹੇ ਉਹ ਸ਼ਗਨ ਸਕੀਮ, ਭਾਈ ਕਨ੍ਹੀਆ ਸਕੀਮ, ਪ੍ਰਧਾਨ ਮੰਤਰੀ ਤੀਰਥ ਯਾਤਰਾ ਸਾਰੀਆਂ ਕਾਂਗਰਸ ਨੇ ਆਉਂਦੇ ਹੀ ਬੰਦ ਕਰਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ 5 ਸਾਲ ਖ਼ਰਾਬ ਕੀਤੇ ਹਨ।
ਬਾਦਲ ਨੇ ਕ੍ਰਿਸਜਨ ਅਤੇ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਲਈ ਜ਼ਮੀਨ ਅਲਾਟ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੁੜੀਆਂ ਲਈ 10% ਸੀਟਾਂ ਸਰਕਾਰੀ ਨੌਕਰੀ ਲਈ ਰਾਖਵੀਆਂ ਰੱਖੀਆਂ ਜਾਣਗੀਆਂ। ਪੁਲਸ ਮੁਲਾਜ਼ਮਾਂ ਦਾ ਪੇਅ ਸਕੇਲ ਲਾਗੂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ 2004 ਦੀਆਂ ਪੈਨਸ਼ਨ ਦੀਆਂ ਮੰਗਾਂ ਨੂੰ ਵੀ ਹੱਲ ਕੀਤਾ ਜਾਵੇਗਾ। ਉਨ੍ਹਾਂਕਿਹਾ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਪੰਜਾਬ ਸਰਕਾਰ ਉਨ੍ਹਾਂ ਨੂੰ 10 ਲੱਖ ਰੁਪਏ ਦਾ ਚੈੱਕ ਸਿੱਧਾ ਯੂਨੀਵਰਸਿਟੀ ਨੂੰ ਭੇਜੇਗੀ। ਕੋਈ ਵੀ ਪੰਜਾਬ ਦਾ ਨੌਜਵਾਨ ਕੁੜੀਆਂ ਮੁੰਡੇ ਜਿਨ੍ਹਾਂ ਆਪਣਾ ਕੰਮ ਖੋਲ੍ਹਣਾ ਹੈ ਉਨ੍ਹਾਂ ਨੂੰ ਬਿਨ੍ਹਾਂ ਵਿਆਜ਼ ਤੋਂ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ।