ਸੰਨੀ ਦਿਓਲ ਪੁੱਟੇਗਾ ਬੀਜੇਪੀ ਦਾ ‘ਨਲਕਾ’? ਚੋਣਾਂ ‘ਚ ਹੋ ਸਕਦਾ ਵੱਡਾ ਨੁਕਸਾਨ

sunny/nawanpunjab.com

ਗੁਰਦਾਸਪੁਰ, 2 ਫਰਵਰੀ (ਬਿਊਰੋ)- 2019 ‘ਚ ਗੁਰਦਾਸਪੁਰ ਤੋਂ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਜਿੱਤ ਕੇ ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਦੀ ਹਲਕੇ ਵਿੱਚੋਂ ਲੰਬੀ ਗੈਰ ਹਾਜ਼ਰੀ ਪਾਰਟੀ ਲਈ ਵੱਡੀ ਸਿਰਦਰੀ ਬਣ ਗਈ ਹੈ। ਖੇਤੀ ਕਾਨੂੰਨਾਂ ਦੇ ਹੱਕ ਵਿੱਚ ਸਟੈਂਡ ਤੇ ਚੋਣਾਂ ਜਿੱਤਣ ਮਗਰੋਂ ਹਲਕੇ ਵਿੱਚ ਨਾ ਆਉਣ ਕਰਕੇ ਸੋਨੀ ਦਿਓਲ ਤੋਂ ਲੋਕ ਕਾਫੀ ਔਖੇ ਹਨ। ਮੰਨਿਆ ਜਾ ਰਿਹਾ ਕਿ ਇਸ ਦਾ ਖਮਿਆਜ਼ਾ ਬੀਜੇਪੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੀ ਭੁਗਤਣਾ ਪਏਗਾ।
ਹਾਲਾਤ ਇਹ ਹਨ ਕਿ ਹੁਣ ਸੰਨੀ ਦਿਓਲ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਦੇ ਪ੍ਰਚਾਰ ਲਈ ਵੀ ਨਹੀਂ ਪਹੁੰਚ ਸਕਣਗੇ। ਉਂਝ ਦੱਸਿਆ ਜਾ ਰਿਹਾ ਹੈ ਕਿ ਸੰਨੀਦਿਓਲ ਇਨ੍ਹੀਂ ਦਿਨੀਂ ਬਿਮਾਰ ਹਨ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਪਾਰਟੀ ਉਮੀਦਵਾਰਾਂ ‘ਚ ਪ੍ਰਚਾਰ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਸੰਨੀ ਦਿਓਲ ਇਸ ਤੋਂ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ‘ਚ ਉਮੀਦਵਾਰਾਂ ਦੇ ਪ੍ਰਚਾਰ ਲਈ ਵੀ ਨਹੀਂ ਪਹੁੰਚੇ ਸਨ।
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗ਼ੈਰ-ਹਾਜ਼ਰੀ ਵਿਧਾਨ ਸਭਾ ਚੋਣਾਂ ‘ਚ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਇਸ ਦਾ ਖ਼ਮਿਆਜ਼ਾ ਭਾਜਪਾ ਨੂੰ ਪੂਰੇ ਪੰਜਾਬ ‘ਚ ਭੁਗਤਣਾ ਪੈ ਸਕਦਾ ਹੈ ਤੇ ਇਸ ਦਾ ਉਲਟਾ ਅਸਰ ਭਾਜਪਾ ਦੀਆਂ ਸੀਟਾਂ ‘ਤੇ ਪਵੇਗਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੰਨੀ ਦਿਓਲ ਕੋਈ ਆਮ ਨਾਂ ਨਹੀਂ ਹੈ ਤੇ ਪੰਜਾਬ ਦੇ ਲੋਕ ਉਨ੍ਹਾਂ ਤੇ ਉਨ੍ਹਾਂ ਦੇ ਕੰਮ ਤੋਂ ਚੰਗੀ ਤਰ੍ਹਾਂ ਜਾਣੂ ਹਨ। ਪੂਰੇ ਪੰਜਾਬ ‘ਚ ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਹੋਇਆ ਹੈ ਤੇ ਗੁਰਦਾਸਪੁਰ ਦੇ ਲੋਕ ਉੱਚੀ ਦੁਕਾਨ ਵੇਖ ਕੇ ਫਸ ਗਏ, ਉਨ੍ਹਾਂ ਨੂੰ ਫਿੱਕਾ ਪਕਵਾਨ ਹੀ ਨਸੀਬ ਹੋਇਆ ਹੈ।

Leave a Reply

Your email address will not be published. Required fields are marked *