ਚੰਡੀਗੜ੍ਹ, 18 ਜਨਵਰੀ(ਬਿਊਰੋ)- ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੋਈ ਜਾਣ ਨੂੰ ਤਿਆਰ ਨਹੀਂ ਸੀ। ਇਸ ਲਈ ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਚਾਰ ਸੰਸਦ ਮੈਂਬਰ ਜਿੱਤੇ ਸੀ ਤੇ 3 ਦੌੜ ਗਏ। ਇਨ੍ਹਾਂ ਦੇ 20 ਵਿਧਾਇਕ ਜਿੱਤੇ ਤੇ 11 ਦੌੜ ਗਏ।
ਸੁਖਬੀਰ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਸ਼ਰਾਬ ਛੱਡਣ ਬਾਰੇ ਮਾਂ ਦੀ ਝੂਠੀ ਕਸਮ ਖਾਧੀ ਸੀ। ਉਸ ਨੇ ਸਹੁੰ ਚੁੱਕਣ ਦੇ ਤਿੰਨ ਦਿਨਾਂ ਬਾਅਦ ਫਿਰ ਸ਼ਰਾਬ ਪੀ ਲਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਿੱਤਰ ਵਾਲਾ ਵਿਅਕਤੀ ਹੋਣਾ ਚਾਹੀਦਾ ਹੈ। ਇੱਕ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਲੈ ਜਾ ਸਕਦਾ ਹੈ ਜਾਂ ਡੋਬ ਵੀ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੰਧਾਂ ‘ਤੇ ਲਿਖਿਆ ਹੈ ਕਿ ਕੇਜਰੀਵਾਲ ਨੂੰ ਮੌਕਾ ਦਿਓ। ਭਗਵੰਤ ਮਾਨ ਕਿੱਥੇ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਸਿਰਫ ਅੱਗੇ ਰੱਖਿਆ ਗਿਆ ਹੈ। ਜੇਕਰ ਬਹੁਮਤ ਮਿਲਿਆ ਤਾਂ ਕੇਜਰੀਵਾਲ ਮੁੱਖ ਮੰਤਰੀ ਬਣ ਜਾਵੇਗਾ। ਇਹ ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੋਰ ਹੈ।