ਇਹ ਕੋਹ ਮਿਨਾਰ ਹੈ ।ਇਹੋ ਜਹੇ ਮਿਨਾਰ ਆਗਰੇ ਤੋਂ ਲੈ ਕੇ ਲਹੌਰ ਤੱਕ ਦੇ ਰਾਹ ਚ ਸ਼ੇਰ ਸ਼ਾਹ ਸੂਰੀ ਵੱਲੋਂ ਉਸਾਰੇ ਦੱਸੇ ਜਾਂਦੇ ਹਨ।ਇੱਕ-ਇੱਕ ਕੋਹ ਦੀ ਦੂਰੀ ਤੇ ਬਣਾਏ ਸੀ ਰਾਹ ਦੱਸਣ ਖ਼ਾਤਰ,ਉਦੋਂ ਸੜਕ ਦਾ ਵਜੂਦ ਨਹੀਂ ਸੀ ਪੰਦਰਵੀਂ ਸਦੀ ਚ। ਭਾਈ ਕਾਹਨ ਸਿੰਘ ਨਾਭਾ ਨੇ ਆਪਣੇ ਮਹਾਨ ਕੋਸ਼ ਚ ਇੱਕ ਕੋਹ ਦੀ ਲੰਬਾਈ 4 ਹਜ਼ਾਰ ਗਜ਼ ਦੱਸੀ ਹੈ ਜੋਕਿ 3.65 (ਪੌਣੇ ਚਾਰ ਤੋਂ ਘੱਟ) ਕਿੱਲੋਮੀਟਰ ਦੇ ਬਰਾਬਰ ਹੈ।ਹੁਣ ਇਹ ਮਿਨਾਰ ਬਹੁਤ ਥੋੜੇ ਬਚੇ ਨੇ।
ਫੋਟੋ ਚ ਦਿਸ ਰਿਹਾ ਕੋਹ ਮਿਨਾਰ ਅੰਬਾਲੇ ਤੋਂ ਦਿੱਲੀ ਵਾਲੀ ਜੀ ਟੀ ਰੋਡ ਤੇ ਕਰਨਾਲ ਟੱਪ ਕੇ ਮਧੂਬਨ ਤੋਂ ਪਹਿਲਾਂ ਹੈ ਸੜਕ ਦੇ ਬਿਲਕੁਲ ਨਾਲ਼ ਖੱਬੇ ਹੱਥ।ਇੱਕ ਹੋਰ ਮਿਨਾਰ ਵੀ ਰਾਹ ਚ ਆਉਂਦਾ ਹੈ ਘਰੌਂਡਾ ਟੱਪ ਕੇ ਪਾਣੀਪਤ ਤੋਂ ਪਹਿਲਾਂ। 1996 ਤੋਂ ਬਾਅਦ ਹੁਣ ਪਹਿਲੀ ਦਫ਼ਾ 24 ਸਾਲਾਂ ਮਗਰੋਂ ਮੈਨੂੰ ਸੜਕੀ ਰਸਤੇ ਜਾਣ ਦਾ ਮੌਕਾ ਲੱਗਿਆ। ਓਹਤੋਂ ਪਹਿਲਾਂ ਸਿਰਫ 1989 ਚ ਤੇ 1974 ਚ ਸੜਕੀ ਰਸਤੇ ਦਿੱਲੀ ਗਿਆ ਹਾਂ ਉਹ ਵੀ ਪਰਾਈਵੇਟ ਗੱਡੀ ਚ ਤੇ ਬੱਸ ਰਾਹੀਂ ਕਦੇ ਵੀ ਦਿੱਲੀ ਦਾ ਸਫਰ ਨਹੀਂ ਕੀਤਾ।ਮੇਰੀ ਮਨਭਾਉਂਦੀ ਸਵਾਰੀ ਰੇਲ-ਗੱਡੀ ਹੀ ਰਹੀ ਹੈ, ਦਿੱਲੀ ਅਨੇਕਾਂ ਵਾਰੀ ਰੇਲ ਗੱਡੀ ਰਾਹੀਂ ਹੀ ਦੇਖੀ ਹੈ।ਬਹੁਤ ਵਾਰੀ ਆਪਦੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਦਿੱਲੀ ਏਅਰ ਏਅਰ ਪੋਟ ਤੇ ਛੱਡਣ ਜਾਂ ਲਿਆਉਣ ਦੀ ਜ਼ੁਮੇਵਾਰੀ ਵੀ ਨਿਭਾਈ ਹੈ ਪਰ ਦਿੱਲੀ ਆਉਣ ਜਾਣ ਦਾ ਜਰੀਆ ਰੇਲ ਗੱਡੀ ਹੀ ਰਹੀ ਹੈ।
ਇਹ ਕੋਹ ਮਿਨਾਰ ਮੈਨੂੰ ਰੇਲ ਗੱਡੀ ਚੋਂ ਵੀ ਦਿਸਦੇ ਹੁੰਦੇ ਸੀ, ਖਾਸਕਰ ਉਦੋਂ ਪੂਰੇ ਕਲੀਅਰ ਦਿਸਣ ਲੱਗੇ ਜਦੋਂ ਸੜਕ ਚੌੜੀ ਕਰਨ ਖ਼ਾਤਰ ਮੈਲ ਵਾਲੇ ਦਰੱਖਤਾਂ ਦਾ ਵੜਾਂਗਾ ਹੋ ਗਿਆ ।ਸੋ ਇਹਨਾ ਤੇ ਮੇਰੀ ਪਹਿਲਾਂ ਹੀ ਅੱਖ ਹੋਣ ਕਰਕੇ ਐਤਕੀਂ ਵਾਲੇ ਸੜਕੀ ਸਫਰ ਦੌਰਾਨ ਇਹਨਾ ਨੂੰ ਨੇੜਿਓਂ ਹੋ ਕੇ ਦੇਖਿਆ।ਦਿੱਲੀ ਨੂੰ ਸੜਕੀ ਰਾਹ ਤੋਂ ਜਾਣ ਵਾਲਿਆਂ ਵਾਸਤੇ ਇਹ ਮਿਨਾਰ ਦੇਖਣ ਦਾ ਬਹੁਤ ਵਧੀਆ ਮੌਕਾ ਮਿਲਦਾ ਹੈ।ਇਹ ਫੋਟੋ ਮੈਂ 13 ਜਨਵਰੀ 2021 ਨੂੰ ਕਰਨਾਲ ਤੇ ਮਧੂਬਨ ਦੇ ਵਿਚਕਾਰ ਜੀ ਟੀ ਰੋਡ ਤੇ ਖਿੱਚੀ |
ਗੁਰਪ੍ਰੀਤ ਸਿੰਘ ਜੌਹਲ ਮੰਡਿਆਣੀ