ਮਾਘੀ ਦਾ ਪੁਰਬ ਮੁਕਤਸਰ

mukhatsar/nawanpunjab.com

ਨਗਰ ਦਾ ਪਿਛੋਕੜ: ਪੁਰਾਤਨ ਕਸਬੇ ਜਲਾਲਾਬਾਦ ਦੇ ਤਿੰਨ ਖੱਤਰੀ ਭਰਾ ਸਨ ਜੋ ਅਮੀਰ ਹੋਣ ਦੇ ਨਾਲ ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਤਿੰਨੇ ਸ਼ਿਵ ਦੇ ਪੱਕੇ ਉਪਾਸ਼ਕ ਸਨ। ਇਹਨਾਂ ਦੇ ਨਾਂ ਸਨ ਖਿਦਰਾਣਾ, ਧਿੰਗਾਣਾ ਅਤੇ ਰੁਪਾਣਾ ਸੀ। ਇਸ ਇਲਾਕੇ ਵਿਚ ਪਾਣੀ ਦੀ ਹਮੇਸ਼ਾਂ ਕਿੱਲਤ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਜਿਸਤਾਨ ਦੇ ਮਾਰੂਥਲ ਦਾ ਹਿੱਸਾ ਸੀ। ਰੇਤਲਾ ਇਲਾਕਾ ਅਤੇ ਪਾਣੀ ਦੀ ਥੁੜ੍ਹ ਕਾਰਨ ਹੀ ਤਿੰਨਾਂ ਭਰਾਵਾਂ ਨੇ ਇਥੇ ਤਿੰਨ ਢਾਬਾਂ ਖੁਦਵਾਈਆਂ। ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਦੇ ਪੀਣ ਅਤੇ ਆਪਣੇ ਪੀਣ ਲਈ ਕਰਦੇ। ਇਹਨਾਂ ਤਿੰਨਾਂ ਢਾਬਾਂ ਦੁਆਲੇ ਪਿੰਡ ਧਿੰਗਾਣਾ,ਰੁਪਾਣਾ ਅਤੇ ਖਿਦਰਾਣਾ ਵਸ ਗਏ।

ਮਾਘੀ ਦਾ ਪਿਛੋਕੜ: ਗੁਰੂ ਕਾਲ ਵਿਚ ਮਾਘੀ ਦਾ ਪੁਰਬ ਸਿੱਖ ਸੰਗਤ ਗੁਰੂ ਆਦੇਸ਼ ਅਨੁਸਾਰ ਮਨਾਇਆ ਜਾਂਦਾ ਸੀ। ਗੁਰੂ ਸਾਹਿਬਾਨ ਨੇ ਮੌਸਮੀ ਤਿਉਹਾਰਾਂ ਨੂੰ ਗੁਰਮਤਿ ਦੇ ਪ੍ਰਚਾਰ ਹਿਤ ਤਬਦੀਲ ਕਰ ਲਿਆ ਸੀ। ਇਸ ਪੁਰਬ ਦਾ ਪਿਛੋਕੜ ਰਾਜਵੰਤ ਕੌਰ ਅਨੁਸਾਰ
“ਪੰਜਾਬ ਵਿਚ ਮਕਰ ਸੰਕਰਾਂਤੀ ਤੋਂ ਪੂਰਵਲੀ ਸ਼ਾਮ ਯਾਨੀ ਪੋਹ ਮਹੀਨੇ ਦੇ ਆਖਰਲੇ ਦਿਨ ਲੋਹੜੀ ਮਨਾਈਜਾਂਦੀ ਹੈ। ਅਗਲੇ ਦਿਨ ਭਾਵ ਮਕਰ ਸੰਕਰਾਂਤੀ ਵਾਲੇ ਦਿਨ ਪਹਿਲੀਮਾਘ ਨੂੰ ਮਾਘੀ ਦਾ ਜੋੜ ਮੇਲਾ ਹੁੰਦਾ ਹੈ। ਦੇਸੀ ਮਹਿਨਿਆਂ ਵਿਚ ਮਾਘ ਨੂੰ ਸ਼ੁਭ ਸਥਾਨ ਹਾਸਲ ਹੈ। ਇਸ ਮਹੀਨੇ ਵਿਚ ਹੋਰ ਵੀ ਅਨੇਕ ਪੁਰਬ ਤੇ ਤਿਉਹਾਰ ਆਉਂਦੇ ਹਨ। ਅਚਲਾ ਸਪਤਮੀ, ਮਾਘੀ ਪੂਰਨਿਮਾ, ਮਾਘੀ ਮੱਸਿਆ (ਮੋਨੀ ਮੱਸਿਆ) ਇਸ ਮਹੀਨੇ ਦੇ ਪੂਰਬ ਤੇ ਤਿਉਹਾਰ ਹਨ। ਪੰਜਾਬੀ ਇਸ ਦਿਨ ਨੂੰ ਸਭ ਤੋਂ ਠੰਡਾ ਦਿਨ ਮੰਨਦੇ ਹਨ। ਠੰਡੀਆਂ ਹਵਾਵਾਂ ਤੋਂ ਬਚਣ ਖਾਤਰ ਅੱਗ ਦੁਆਲੇ ਨੱਚਦੇ ਤੇ ਭੰਗੜਾ ਪਾਉਂਦੇ ਹਨ ਅਤੇ ਮੂੰਗਫਲੀ ਰਿਊੜੀਆਂ ਤੇ ਗੱਚਕ ਖਾਂਦੇ ਹਨ ।”
ਖਿੱਦਰਾਣੇ ਦਾ ਇਸ ਰੇਤਲੇ ਇਲਾਕੇ ਵਿਚ ਪਾਣੀ ਦਾ ਸੋਮਾ ਮਨੁੱਖੀ ਜਿੰਦਗੀ ਅਤੇ ਪਸ਼ੂਆਂ ਲਈ ਵਰਦਾਨ ਸੀ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਨੀਤੀ ਅਨੁਸਾਰ ਪਾਣੀ ਦੀ ਢਾਬ ਨੂੰ ਕਬਜ਼ੇ ਵਿਚ ਲਿਆ ਅਤੇ ਮੁਗਲ ਸੈਨਾ ਨੂੰ ਇਸ ਧਰਤੀ ‘ਤੇ ਜੰਗ ਵਿਚ ਭਾਂਜ ਦਿੱਤੀ ਸੀ। ਇਸ ਜੰਗ ਵਿਚ ਚਾਲੀ ਸਿੰਘ ਸ਼ਹੀਦ ਹੋਏ ਸਨ, ਜਿਨ੍ਹਾਂ ਨੂੰ ਚਾਲੀ ਮੁਕਤਿਆਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਹਰਿੰਦਰ ਸਿੰਘ ਮਹਿਬੂਬ ਅਨੁਸਾਰ:
“ਉਹ ਭਾਗੋ ਸੀ, ਮਾਝੇ ਦੀ ਸਿੰਘਣੀ, ਜੋ ਇਹਨਾਂ ਚਾਲੀ ਸ਼ਹੀਦਾਂ ਨਾਲ ਇਸ ਤਰ੍ਹਾਂ ਆਈ ਸੀ, ਜਿਵੇਂ ਮਾਂ ਬੱਚਿਆਂ ਨੂੰ ਲੈ ਕੇ ਆਵੇ। ਉਸ ਨੇ ਇਹਨਾਂ ਸ਼ਹੀਦਾਂ ਦੀ ਉਦਾਸ ਕਹਾਣੀ ਗੁਰੂ ਜੀ ਨੂੰ ਮੁੱਢ ਤੋਂ ਸੁਣਾਈ। ਗੁਰੂ ਜੀ ਨੇ ਇਹਨਾਂ ਸ਼ਹੀਦਾਂ ਦਾ ਸੰਸਕਾਰ ਉਸ ਸੁੱਕੇ ਛੰਭ ਵਿਚ ਹੀ ਕੀਤਾ ਅਤੇ ਉਸ ਦਾ ਨਾਂ ਮੁਕਤਸਰ ਰੱਖਿਆ। “
ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਸ ਨਗਰ ਦਾ ਕੇਂਦਰੀ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਹੈ। ਇਹ ਸਥਾਨ ਸ਼ਹੀਦ ਭਾਈ ਮਹਾਂ ਸਿੰਘ ਅਤੇ ਉਸਦੇ ਸਾਥੀ ਚਾਲੀ ਮੁਕਤਿਆਂ ਦੀ ਯਾਦ ਵਿਚ ਉਸਾਰਿਆ ਗਿਆ ਹੈ। ਇਸ ਸਥਾਨ ਤੇ ਅਨੰਦਪੁਰ ਦੀ ਜੰਗ ਵਿਚ ਬੇਦਾਵਾ ਦੇ ਕੇ ਆਏ ਚਾਲੀ ਸਿੱਖ ਗੁਰੂ ਦੀ ਸ਼ਰਨ ਵਿਚ ਆਏ। ਪੂਰਨ ਸਿੰਘ ਅਨੁਸਾਰ: ਗੁਰੂ ਜੀ ਇਸ ਸਥਾਨ ‘ਤੇ ਪੁੱਜੇ ਅਤੇ ਵੇਖਿਆ ਕਿ ਦੁਸ਼ਮਣ ਉਤੇ ਹੱਲਾ ਉਨ੍ਹਾਂ ਦੇ ਆਪਣੇ ਪੁਰਾਣੇ ਸੇਵਕਾਂ ਨੇ ਕੀਤਾ ਸੀ। ਉਹ ਹਰੇਕ ਨੂੰ ਪਿਤਰੀ ਭਾਵ ਵਿਚ ਚੁੱਕਕੇ ਉਸ ਦਾ ਸਿਰ ਆਪਣੀ ਗੋਦ ਵਿਚ ਲੈ ਕੇ ਮੂੰਹ ਪੂੰਝਦੇ ਗਏ ਅਤੇ ਅਸ਼ੀਰਵਾਦ ਦੇਂਦੇ ਗਏ। ਕੇਵਲ ਭਾਈ ਮਹਾਂ ਸਿੰਘ ਜੀਊਂਦਾ ਸੀ। ਗੁਰੂ ਜੀ ਨੇ ਉਸ ਨੂੰ ਆਪਣੀ ਗੋਦ ਵਿਚ ਲਿਆ।”
ਗੁਰੂ ਜੀ ਨੇ ਮਹਾਂ ਸਿੰਘ ਦੀ ਅੰਤਿਮ ਇਛਾ ਤੇ ਤ੍ਰਿਸ਼ਨਾ ਬਾਰੇ ਪੁੱਛਿਆ ਉਤਰ ਵਿਚ ਕੇਵਲ ਭਾਈ ਮਹਾਂ ਸਿੰਘ ਨੇ ਬੇਦਾਵਾ ਪੱਤਰ ਪਾੜਨ ਦੀ ਬੇਨਤੀ ਕੀਤੀ,ਜਿਸ ਨੂੰ ਗੁਰੂ ਸਾਹਿਬ ਨੇ ਪ੍ਰਵਾਨ ਕਰ ਕੇ ਟੁੱਟੀ ਗੰਢੀ ਦਾ ਇਤਿਹਾਸ ਸਿਰਜਿਆ। ਜੋ ਮੁਕਤਸਰ ਦੀ ਜੰਗ ਵਿਚ ਸ਼ਹੀਦੀਆਂ ਪ੍ਰਾਪਤ ਕਰਕੇ ਮੁਕਤਿਆਂ ਦੇ ਰੂਪ ਵਿਚ ਸਿੱਖ ਪੰਥ ਦੀ ਅਰਦਾਸ ਦਾ ਅੰਗ ਬਣੇ। ਇਹਨਾਂ ਸ਼ਹੀਦਾਂ ਦੀ ਯਾਦ ਵਿਚ ਇਹ ਮਾਘੀ ਦਾ ਪੁਰਬ ਮਨਾਇਆ ਜਾਂਦਾ ਹੈ। ਵਣਜਾਰਾ ਬੇਦੀ ਅਨੁਸਾਰ:
ਮੁਕਤਸਰ ਸਿੱਖ ਮਿਸਲਾਂ ਦੇ ਸਮੇਂ ਸੰਮਤ 1818 ਵਿਚ ਆਬਾਦ ਕੀਤਾ ਗਿਆ। ਸਿੱਖਾਂ ਦਾ ਧਾਰਮਿਕ ਸਥਾਨ ਹੋਣ ਕਰ ਕੇ ਇਸ ਨੂੰ ਪਾਵਨ ਧਰਤੀ ਮੰਨਿਆ ਜਾਂਦਾ ਹੈ। ਇਥੇ ਮਾਘੀ ਦਾ ਜੋੜ ਮੇਲਾ ਭਰਦਾ ਹੈ, ਜਿਸ ਨੂੰ ਸਿੱਖ ਸ਼ਰਧਾ ਨਾਲ ਮਨਾਉਂਦੇ ਹਨ ਅਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਇਥੇ ਇੱਕਤਰ ਹੁੰਦੇ ਹਨ।”
ਭਾਈ ਮਹਾਂ ਸਿੰਘ ਦੀਵਾਨ ਹਾਲ: ਇਹ ਦੀਵਾਨ ਹਾਲ ਮਾਝੇ ਦੇ ਸਿੱਖਾਂ ਦੇ ਜੱਥੇਦਾਰ ਭਾਈ ਮਹਾਂ ਸਿੰਘ ਦੀ ਸ਼ਹੀਦੀ ਨੂੰ ਸਮਰਪਤ ਹੈ। ਮਾਘੀ ਦੇ ਜੋੜ ਮੇਲੇ ਦੇ ਮੌਕੇ ਇਸ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਂਦਾ ਹੈ। ਢਾਡੀ ਬੀਰ-ਰਸੀ ਵਾਰਾਂ ਦੁਆਰਾ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਾਉਂਦੇ ਹਨ। ਕਵੀ ਦਰਬਾਰ ਹੁੰਦੇ ਹਨ। ਕਵੀਸ਼ਰੀ ਜਥੇ ਵੀ ਇਸ ਦੀਵਾਨ ਹਾਲ ਵਿੱਚ ਸੰਗਤਾਂ ਲਈ ਵਿਸ਼ੇਸ ਖਿੱਚ ਦਾ ਕੇਂਦਰ ਹੁੰਦੇ ਹਨ। ਅਜੋਕੇ ਸੰਚਾਰ ਸਾਧਨ ਇਸ ਦੀਵਾਨ ਦੇ ਪ੍ਰੋਗਰਾਮ ਨੂੰ ਦੁਨੀਆਂ ਭਰ ਦੇ ਦਰਸ਼ਕਾਂ ਲਈ ਸਿੱਧਾ ਪ੍ਰਸਾਰਨ ਕਰਦੇ ਹਨ। ਅਖਬਾਰ ਅਤੇ ਮਾਸਿਕ ਪੱਤਰ ਮੇਲੇ ਦੀਆਂ ਸਰਗਰਮੀਆਂ ਨੂੰ ਪ੍ਰਕਾਸ਼ਿਤ ਕਰਦੇ ਹਨ।
ਗੁਰਦੁਆਰਾ ਟਿੱਬੀ ਸਾਹਿਬ: ਇਹ ਗੁਰਦੁਆਰਾ ਉਸ ਸਥਾਨ ‘ਤੇ ਸਥਿਤ ਹੈ, ਜਿਥੇ ਇਕ ਰੇਤ ਦੀ ਉਚੀ ਟਿਬੀ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਵਿਚ ਸਿੱਖ ਫੌਜ ਦੀ ਕਮਾਂਡ ਕੀਤੀ ਸੀ। ਇਸ ਸਥਾਨ ਤੋਂ ਸਾਰਾ ਜੰਗ ਦਾ ਮੈਦਾਨ ਨਜ਼ਰ ਆਉਂਦਾ ਸੀ। ਸੁਖਦੇਵ ਮਾਦਪੁਰੀ ਅਨੁਸਾਰ:
“ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਥੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਦੀਆਂ ਹਨ, ਉੱਥੇ ਉਹ ਸ਼ਹੀਦ ਗੰਜ, ਟਿੱਬੀ ਸਾਹਿਬ ਅਤੇ ਤੰਬੂ ਸਾਹਿਬ ਆਦਿ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਦੀਆਂ ਹਨ। ਇਥੇ ਗੁਰਦੁਆਰਿਆਂ ਵਿੱਚ ਸਜੇ ਦੀਵਾਨਾਂ ਵਿੱਚ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਸ਼ਰਧਾਲੂਆਂ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਢਾਡੀਆਂ ਤੇ ਕਵੀਸ਼ਰਾਂ ਵੱਲੋਂ ਗਾਈਆਂ ਜਾਂਦੀਆਂ ਬੀਰ-ਰਸੀ ਵਾਰਾਂ ਉਹਨਾਂ ਨੂੰ ਹੱਕ ਸੱਚ ਲਈ ਜੂਝਣ ਅਤੇ ਅਨਿਆਂ ਵਿਰੁੱਧ ਡੱਟਣ ਲਈ ਪ੍ਰੇਰਦੀਆਂ ਹਨ।”
ਗੁਰਦੁਆਰਾ ਰਕਾਬਗੰਜ ਸਾਹਿਬ: ਇਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਰਕਾਬ ਨਾਲ ਸਬੰਧਿਤ ਹੈ ਜੋ ਗੁਰਦੁਆਰਾ ਟਿਬੀ ਸਾਹਿਬ ਤੋਂ 200 ਮੀਟਰ ਦੀ ਦੂਰੀ ਤੇ ਸੁਸ਼ੋਭਤ ਹੈ। ਇਸ ਦੀ ਇਮਾਰਤ ਦਾ ਨਿਰਮਾਣ ਜਨਰਲ ਬਘੇਲ ਸਿੰਘ ਨੇ ਕਰਵਾਇਆ ਸੀ।ਇਥੇ ਬਹੁਤ ਸੁੰਦਰ ਸਰੋਵਰ ਹੈ। ਗੁਰੂ ਸਾਹਿਬ ਜੀ ਜਦੋਂ ਆਪਣੀ ਯਾਤਰਾ ਆਰੰਭ ਕਰਨ ਲਗੇ ਤਾਂ ਉਹਨਾਂ ਦੇ ਘੋੜੇ ਦੀ ਰਕਾਬ ਫਸ ਗਈ ਸੀ। ਇਥੇ ਗੁਰੂ ਜੀ ਨੇ ਕਿੱਕਰ ਦੇ ਰੁੱਖ ਦੀ ਦਾਤਣ ਕੀਤੀ ਸੀ।
ਮੀਨਾਰੇ ਸ਼ਹੀਦਾਂ: ਪੰਜਾਬ ਸਰਕਾਰ ਵਲੋਂ ਮੁੱਕਤਸਰ ਦੀ ਜੰਗ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਤ ਇਕ ਵਿਰਾਸਤੀ ਯਾਦਗਰ ਦਾ ਨਿਰਮਾਣ ਕਰਵਾਇਆ। ਪਰਮਜੀਤ ਸਿੰਘ ਢੀਂਗਰਾ ਅਨੁਸਾਰ:
ਸਾਲ 2005 ਵਿਚ ਮੁਕਤਸਰ ਦੀ ਤੀਜੀ ਸਤਾਬਦੀ ਮਨਾਈ ਗਈ। ਹੈ।ਇਸ ਸਮੇਂ ਕੁੱਜ ਇਤਿਹਾਸਕ ਇਮਾਰਤਾਂ ਦੀ ਉਸਾਰੀ ਕਰਵਾਈ ਗਈ। ਇਹਦੇ ਵਿਚ ਪ੍ਰਸਿਧ ਮੁਕਤੇ-ਮੀਨਾਰ ਹੈ। ਇਹ 81 ਫੁੱਟ ਉਚਾ ਤੇ 11 ਫੁੱਟ ਦੇ ਮੁੱਠੇ ਵਾਲਾ ਖੰਡਾ ਹੈ। ਉਪਰੋਂ ਇਸ ਦੀ ਚੋੜਾਈ 16 ਫੁੱਟ ਅਤੇ ਵਿਚਕਾਰੋਂ 13 ਫੁੱਟ ਹੈ। ਇਸ ਦੇ ਦੁਆਲੇ ਚਾਲੀ ਮੁਕਤਿਆਂ ਦੀ ਯਾਦ ਵਿਚ ਚਾਲੀ ਵੱਡੇ ਕੜੇ ਹਨ ਅਤੇ ਇਹਨਾ ਕੜਿਆਂ ਵਿਚ ਹੀ ਖੰਡਾ ਬਣਿਆ ਹੋਇਆ ਹੈ। ਇਸ ਤੋਨ ਇਲਾਵਾ ਇਸ ਮੌਕੇ ਮੁਕਤਸਰ ਦੇ ਆਲੇ ਦੁਆਲੇ ਜਾਂਦੀਆਂ ਸਵਕਾਂ ‘ਤੇ ਸੱਤ ਵੱਡੇ ਸ਼ਾਨਦਾਰ ਗੇਟ ਬਣਾਏ ਗਏ ਹਨ।
ਮਾਘੀ ਦਾ ਜੋੜ-ਮੇਲਾ: ਮਾਘੀ ਦੇ ਪੁਰਬ ‘ਤੇ ਸਾਰੇ ਦੇਸ਼ ਵਿਚ ਪਵਿੱਤਰ ਨਦੀਆਂ, ਦਰਿਆਵਾਂ ਅਤੇ ਸਰੋਵਰਾਂ ਵਿਚ ਇਸ਼ਨਾਨ ਕਰਨ ਦੀ ਪ੍ਰਥਾ ਹੈ। ਮੁਕਤਸਰ ਸਿੱਖ ਪੰਥ ਲਈ ਵੱਡਾ ਤੀਰਥ ਅਸਥਾਨ ਹੈ, ਜੋ ਸਿੱਖ ਸੰਗਤਾਂ ਲਈ ਨਿੱਤਨੇਮ ਦੀ ਅਰਦਾਸ ਦਾ ਹਿੱਸਾ ਹੈ। ਇਥੇ ਹਰ ਸਾਲ ਦੇਸੀ ਸਾਲ ਦੇ ਮਾਘ ਮਹੀਨੇ ਦੀ ਪਹਿਲੀ ਤਾਰੀਕ (14 ਜਨਵਰੀ ) ਨੂੰ ਮਾਘੀ ਦਾ ਜੋੜ-ਮੇਲਾ ਭਰਦਾ ਹੈ। ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸਰੋਵਰਾਂ ਵਿਚ ਇਸ਼ਨਾਨ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਰ ਦਿਤਾ ਸੀ ਕਿ ਜਿਹੜਾ ਸਿੱਖ ਸ਼ਰਧਾਲੂ ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਸ ਦੀ ਪਾਪਾਂ ਦੀ ਮੈਲ ਧੋਤੀ ਜਾਵੇਗੀ। ਮਾਘੀ ਵਾਲੇ ਦਿਨ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹਾਤਮ ਹੈ ਤੇ ਖੂਬ ਮੇਲੇ ਦੀ ਰੌਣਕ ਬਣਦੀ ਹੈ। ਇਸ਼ਨਾਨ ਕਰਨ ਦੀ ਇਸ ਧਾਰਨਾ ਪਿਛੇ ਇਕ ਤੱਥ ਇਹ ਵੀ ਹੈ ਕਿ ਪੋਹ ਦਾ ਮਹੀਨਾ ਦਲਿੱਦਰ ਦਾ ਮਹੀਨਾ ਸਮਝਿਆ ਜਾਂਦਾ ਹੈ। ਏਸ ਮਹੀਨੇ ਸਰਦੀ ਵੀ ਹੱਡ-ਠਾਰਵੀਂ ਪੈਂਦੀ ਹੈ, ਜਿਸ ਕਰਕੇ ਆਮ ਲੋਕ ਨਹਾਉਣ ਤੋਂ ਕੰਨੀ ਕਤਰਾਉਂਦੇ ਹਨ ਤੇ ਲੰਮਾਂ ਸਮਾਂ ਇਸ਼ਨਾਨ ਨਾ ਕਰਕੇ ਦਲਿੱਦਰੀ ਬਣੇ ਰਹਿੰਦੇ ਹਨ। ਪੁਰਾਣੇ ਸਮਿਆਂ ਵਿੱਚ ਤਾਂ ਘਰਾਂ ਵਿੱਚ ਨਹਾਉਣ ਦਾ ਪ੍ਰਬੰਧ ਅੱਜ ਕੱਲ੍ਹ, ਵਾਂਗ ਨਹੀਂ ਸੀ ਹੁੰਦਾ-ਨਾ ਨਲਕੇ ਹੁੰਦੇ ਸਨ ਨਾ ਪਾਣੀ ਵਾਲੀਆਂ ਟੂਟੀਆਂ। ਲੋਕਾਂ ਨੂੰ ਘਰਾਂ ਤੋਂ ਜਾ ਕੇ ਖੂਹਾਂ ਟੋਭਿਆਂ ਤੇ ਹੀ ਇਸ਼ਨਾਨ ਕਰਨਾ ਪੈਂਦਾ ਸੀ। ਮਾਘੀ ਨੂੰ ਦਿਨ ਵੱਡੇ ਹੋ ਜਾਂਦੇ ਹਨ ਤੇ ਪਾਲਾ ਘਟ ਜਾਂਦਾ ਹੈ। ਪੰਜਾਬੀਆਂ ਦਾ ਮਨਮੋਹਕ ਤਿਉਹਾਰ ਲੋਹੜੀ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ ਤੇ ਉਸ ਤੋਂ ਅਗਲੇ ਦਿਨ ਮਾਘੀ ਦਾ ਪੁਰਵ ਖੁਸ਼ੀਆਂ-ਖੇੜਿਆਂ ਦਾ ਢੋਲਾ ਲੈ ਕੇ ਲੋਕ ਮਨਾਂ ਵਿੱਚ ਨਵੀਂ ਚੇਤਨਾ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।

Leave a Reply

Your email address will not be published. Required fields are marked *