ਅੰਮ੍ਰਿਤਸਰ, 7 ਜਨਵਰੀ (ਬਿਊਰੋ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ 125 ਯਾਤਰੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਅਤੇ ਸ਼ੁੱਕਰਵਾਰ ਨੂੰ ਇਟਲੀ ਤੋਂ ਪਰਤੇ 175 ਇਨਫੈਕਟਿਡ ਪਾਏ ਜਾਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਏਅਰਪੋਰਟ ‘ਤੇ ਹੰਗਾਮਾ ਹੋ ਗਿਆ। ਸ਼ਾਮ ਨੂੰ ਰੋਮ ਤੋਂ ਹਵਾਈ ਅੱਡੇ ‘ਤੇ ਪਹੁੰਚੀ ਫਲਾਈਟ ‘ਚ ਕਰੀਬ 300 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ ਹੁਣ ਤਕ 190 ਪਾਜ਼ੇਟਿਵ ਪਾਏ ਗਏ ਹਨ। ਫਿਲਹਾਲ ਸਾਰੇ ਇਨਫੈਕਟਿਡ ਹਵਾਈ ਅੱਡੇ ‘ਤੇ ਹੀ ਹਨ। ਜਿਨ੍ਹਾਂ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ਨੇ ਹਵਾਈ ਅੱਡੇ ‘ਤੇ ਹੰਗਾਮਾ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਉਹ ਕੋਵਿਡ ਟੈਸਟ ਕਰਵਾ ਕੇ ਇਟਲੀ ਤੋਂ ਆਏ ਸੀ, ਜਿਸ ਵਿਚ ਉਹ ਕੋਰੋਨਾ ਨੈਗੇਟਿਵ ਸਨ। ਇੱਥੇ ਆਉਣ ਤੋਂ ਬਾਅਦ ਰਿਪੋਰਟ ਪਾਜ਼ੇਟਿਵ ਕਿਵੇਂ ਆਈ? ਇਸ ਨੂੰ ਲੈ ਕੇ ਯਾਤਰੀਆਂ ਤੇ ਸਿਹਤ ਵਿਭਾਗ ਵਿਚਾਲੇ ਟਕਰਾਅ ਜਾਰੀ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਰੋਮ ਤੋਂ ਆਏ 125 ਯਾਤਰੀ ਇਨਫੈਕਟਿਡ ਪਾਏ ਗਏ ਸਨ। ਸਵਾਲ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਇਟਲੀ ਤੋਂ ਰਿਪੋਰਟ ਕੋਰੋਨਾ ਨੈਗੇਟਿਵ ਆਈ ਹੈ ਤਾਂ ਭਾਰਤ ‘ਚ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਕਿਵੇਂ ਆਈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਟਲੀ ਵਿਚ ਜਾਅਲੀ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਇਟਲੀ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ ਇਟਲੀ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਨੈਗੇਟਿਵ ਐਲਾਨ ਕੇ ਭੇਜਿਆ ਜਾ ਰਿਹਾ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਇਟਲੀ ਸਰਕਾਰ ਵੱਲੋਂ ਕੋਰੋਨਾ ਪੀੜਤਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਨਾ ਕਰਨਾ ਪਵੇ।