ਹਰ ਸਿੱਖ ਨੂੰ ਸ੍ਰੀ ਕਾਲ ਤਖ਼ਤ ਨੂੰ ਸਮਰਪਿਤ ਹੋਣਾ ਚਾਹੀਦਾ, ਪੰਥ ਨੂੰ ਵੰਡਣ ਦੀਆਂ ਸਾਜਿਸ਼ਾਂ ਖ਼ਿਲਾਫ਼ ਇੱਕ ਹੋਣ ਦੀ ਲੋੜ : ਧਾਮੀ

ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਜੀ ਦੀ 81ਵੀਂ ਬਰਸੀ ’ਤੇ ਨਾਨਕਸਰ ਨਤਮਸਤਕ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਥ ਨੂੰ ਵੰਡਣ ਦੀਆਂ ਸਾਜਿਸ਼ਾਂ ਖ਼ਿਲਾਫ਼ ਸਿੱਖਾਂ ਨੂੰ ਇੱਕ ਹੋਣ ਦੀ ਅਪੀਲ ਕੀਤੀ। ਸਮਾਗਮ ਵਿਚ ਨਾਨਕਸਰ ਸੰਪਰਦਾਇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਹਰ ਸਿੱਖ ਨੂੰ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਦਾ ਹੋਕਾ ਦਿੱਤਾ। ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਗੁਰਜੀਤ ਸਿੰਘ ਅਤੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਐਡਵੋਕੇਟ ਧਾਮੀ ਨੂੰ ਸਨਮਾਨਿਤ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਵੱਡਾ ਜ਼ੋਰ ਲੱਗਾ ਹੈ, ਪੰਥ ਨੂੰ ‘ਏਕ-ਓਂਕਾਰ’ ਦੇ ਸਿਧਾਂਤ ਨੂੰ ਛੱਡ ਕੇ ਵੱਖ ਵੱਖ ਵਰਣਵਾਦ, ਜਾਤ ਪਾਤ, ਉਚ ਨੀਚ ਦੇ ਚੱਕਰ ਵਿਚ ਫਸਾਉਣ ਲਈ। ਪਰ ਜਿਹੜੇ ਤਪੱਸਿਆ ਕਰਨ ਵਾਲੇ ਸਾਧੂ ਸੰਤ ਹਨ, ਹਮੇਸ਼ਾ ਹੀ ਸਾਰਿਆਂ ਨੂੰ ਇੱਕ ਤਲ ’ਤੇ ਰੱਖ ਕੇ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ। ਅਜਿਹੇ ਹੀ ਮਹਾਨ ਤਪੱਸਵੀ ਅਤੇ ਸੰਤ ਸਿਪਾਹੀ ਸਨ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੂੰ ਅੱਜ 80 ਵਰਿ੍ਹਆਂ ਬਾਅਦ ਵੀ ਦੇਸ਼ ਦੁਨੀਆਂ ਤੋਂ ਲੱਖਾਂ ਦੀ ਸੰਗਤ ਯਾਦ ਕਰਦਿਆਂ ਇਸ ਪਵਿੱਤਰ ਦਰ ’ਤੇ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਸੰਪਰਦਾਇ ਦੇ ਸੰਤਾਂ ਦੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਪਰਦਾਇ ਦੇ ਸੰਤ, ਸਿੱਖ ਪੰਥ ਨੂੰ ਪਵਿੱਤਰ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਸੇਧ ਦੇ ਰਹੇ ਹਨ। ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਨੂੰ ਸਿੱਖਾਂ ਦੇ ਸਰਵਉਚ, ਆਸਥਾ ਦਾ ਕੇਂਦਰ ਦੱਸਦਿਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਬਾਵਾਂ ਖੜੀਆਂ ਕਰਕੇ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਰਹਿਣ ਦਾ ਪ੍ਰਣ ਲਿਆ। ਇਸ ਮੌਕੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਅੱਜ ਸਰਕਾਰਾਂ ਹੀ ਸਿੱਖ ਪੰਥ ਨੂੰ ਢਾਹ ਲਾਉਣ ਲਈ ਸਰਗਰਮ ਹਨ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ’ਚ ਸਿੱਖ ਆਗੂ ਰਾਜਨੀਤਿਕ ਤੌਰ ’ਤੇ ਰਾਜਨੀਤੀ ਕਰਦੇ ਰਹਿਣ ਕੋਈ ਗੱਲ ਨਹੀਂ, ਪਰ ਜਦੋਂ ਸਿੱਖ ਕੌਮ ਅਤੇ ਪੰਥ ਦੀ ਗੱਲ ਹੋਵੇ ਤਾਂ ਰਾਜਨੀਤੀ ਨੂੰ ਛੱਡ ਕੇ ਸਾਰੇ ਇੱਕ ਹੋ ਕੇ ਪੰਥ ਵਿਰੋਧੀ ਤਾਕਤਾਂ ਖ਼ਿਲਾਫ਼ ਡਟਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਧਰਮਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਬਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *