ਸ੍ਰੀ ਚਮਕੌਰ ਸਾਹਿਬ, 30 ਦਸੰਬਰ (ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਕਾਂਗਰਸ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਵੱਡੀ ਰੈਲੀ ਆਯੋਜਿਤ ਕੀਤੀ ਗਈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ’ਚ 70 ਹਜ਼ਾਰ ਵਰਕਰਾਂ ਦਾ ਮਸਲਾ ਹੱਲ ਕਰਦੇ ਹੋਏ ਵੱਡੀ ਸੌਗਾਤ ਦਿੱਤੀ ਹੈ। ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੰਦੇ ਹੋਏ ਚਰਨਜੀਤ ਸਿੰਘ ਨੇ 22 ਹਜ਼ਾਰ ਆਸ਼ਾ ਵਰਕਰਾਂ ਲਈ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ 2500 ਰੁਪਏ ਮਹੀਨੇ ਦਾ ਭੱਤਾ ਮਿਲੇਗਾ। ਇਸ ਦੇ ਨਾਲ ਹੀ 5 ਲੱਖ ਰੁਪਏ ਦੀ ਹੈਲਥ ਕੈਸ਼ਲੈੱਸ ਇੰਸ਼ੋਰੈਂਸ ਕੀਤੀ ਜਾਵੇਗੀ। ਇਸ ਦੇ ਇਲਾਵਾ ਉਨ੍ਹਾਂ ਵੱਲੋਂ ਆਸ਼ਾ ਵਰਕਰਾਂ ਨੂੰ ਪ੍ਰਸੂਤਾ ਛੁੱਟੀ ਦੇਣ ਦਾ ਵੀ ਐਲਾਨ ਕੀਤਾ ਗਿਆ। ਉਥੇ ਹੀ 42 ਹਜ਼ਾਰ 205 ਮਿਡ-ਡੇਅ-ਮੀਲ ਵਰਕਰਾਂ ਲਈ ਮੁੱਖ ਮੰਤਰੀ ਚੰਨੀ ਨੇ ਵੱਡੇ ਐਲਾਨ ਕਰਦੇ ਹੋਏ ਉਨ੍ਹਾਂ ਦੀ ਸੈਲਰੀ ਭੱਤਾ ਤਿੰਨ ਹਜ਼ਾਰ ਰੁਪਏ ਮਹੀਨਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਭੱਤਾ ਵਰਕਰਾਂ ਨੂੰ 10 ਮਹੀਨਿਆਂ ਦੀ ਜਗ੍ਹਾ ਪੂਰੇ 12 ਮਹੀਨੇ ਹੀ ਦਿੱਤਾ ਜਾਵੇਗਾ। ਚੰਨੀ ਨੇ ਕਿਹਾ ਮਿਡ-ਡੇਅ-ਮੀਲ ਵਰਕਰਾਂ ਨੂੰ ਵੀ ਪ੍ਰਸੂਤਾ ਛੁੱਟੀ ਵੀ ਦਿੱਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਚੰਨੀ ਵੱਲੋਂ ਅੱਜ ਕੁੱਲ 64 ਕਰੋੜ 25 ਲੱਖ ਰੁਪਏ ਦਾ ਦਿੱਤਾ ਤੋਹਫ਼ਾ ਦਿੱਤਾ ਗਿਆ ਹੈ।
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਵੀ ਭੇਟ ਕੀਤੇ। ਆਪਣੇ ਸੰਬੋਧਨ ਦੌਰਾਨ ਚੰਨੀ ਨੇ ਕਿਹਾ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਦੇਣਾ ਸਾਡੀਆਂ ਸਰਕਾਰਾਂ ਦਾ ਫਰਜ਼ ਹੈ। ਮਾਂਵਾਂ ਭੈਣਾਂ ਜਦੋਂ ਆਸ਼ੀਰਵਾਦ ਦਿੰਦੀਆਂ ਹਨ, ਉਹ ਆਸ਼ੀਰਵਾਦ ਕਦੇ ਰੁਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 33 ਫ਼ੀਸਦੀ ਨੌਕਰੀਆਂ ਔਰਤਾਂ ਲਈ ਰਾਖਵੀਆਂ ਕੀਤੀਆਂ ਹਨ। ਇਹ ਇਕੱਲਾ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਔਰਤਾਂ ਨੂੰ ਪਾਵਰ ਦਿੱਤੀ ਗਈ ਹੈ। ਉਥੇ ਹੀ ਵਿਰੋਧੀਆਂ ’ਤੇ ਤੰਜ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ’ਚ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇ ਜੁਮਲੇ ਦਿੱਤੇ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧਦੇ ਹੋਏ ਚੰਨੀ ਨੇ ਕਿਹਾ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੀ ਲੋੜ ਨਹੀਂ ਸਗੋਂ ਔਰਤਾਂ ਨੂੰ ਪਾਵਰ ਦੀ ਲੋੜ ਹੈ। ਇਕ ਹਜ਼ਾਰ ਰੁਪਏ ਨਾਲ ਕੁਝ ਨਹੀਂ ਹੋਣਾ। ਔਰਤਾਂ ਰਾਜ ਕਰਨ ਤਾਂ ਇਕ ਹਜ਼ਾਰ ਕੀ ਲੱਖਾਂ ਰੁਪਏ ਘਰ ’ਚ ਆਉਣਗੇ। ਔਰਤਾਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ।