ਚੰਡੀਗੜ੍ਹ, 28 ਦਸੰਬਰ (ਬਿਊਰੋ)- ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਭਾਰਤੀ ਜਨਤਾ ਪਾਰਟੀ ‘ਤੇ ਵੱਡੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਜਦੋਂ ਤੋਂ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੇ 14 ਕੌਂਸਲਰ ਜਿੱਤੇ ਹਨ, ਉਦੋਂ ਤੋਂ ਭਾਜਪਾ ਨੇ ਖ਼ਰੀਦ-ਫ਼ਰੋਖ਼ਤ ਸ਼ੁਰੂ ਕਰ ਦਿੱਤੀ ਹੈ। ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਦੇ ਵੱਡੇ-ਵੱਡੇ ਕੇਂਦਰੀ ਮੰਤਰੀ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੂੰ ਫੋਨ ਕਰਕੇ ਇਹ ਕਹਿ ਰਹੇ ਹਨ ਕਿ ਉਹ ਉਨ੍ਹਾਂ ਨੂੰ ਗ੍ਰਹਿ ਮੰਤਰੀ ਨਾਲ ਮਿਲਾ ਸਕਦੇ ਹਨ ਜਾਂ ਜੇ. ਪੀ. ਨੱਢਾ ਨਾਲ ਮੁਲਾਕਾਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਕਤ ਭਾਜਪਾ ਆਗੂ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੂੰ ਪੈਸੇ ਅਤੇ ਅਹੁਦੇ ਦਾ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ‘ਤੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ ਖ਼ੁਦ ਇਸ ਸਾਰੇ ਮਾਮਲੇ ‘ਚ ਸ਼ਾਮਲ ਹਨ ਅਤੇ ਸਾਡੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਭਾਜਪਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਨੂੰ ਅਜਿਹੀ ਗੰਦੀ ਸਿਆਸਤ ਬੰਦ ਕਰ ਦੇਣੀ ਚਾਹੀਦੀ ਹੈ। ਇਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਰਾਘਵ ਚੱਢਾ ਨੇ ਕਿਹਾ ਕਿ ਅਸੀਂ ਪਾਰਟੀ ਦੇ ਲੋਕਾਂ ਦੀਆਂ ਆਡੀਓ ਕਾਲਾਂ ਰਿਕਾਰਡ ਕਰਾਂਗੇ ਅਤੇ ਸੀਕਰੇਟ ਕੈਮਰਿਆਂ ਰਾਹੀਂ ਸਭ ਕੁੱਝ ਰਿਕਾਰਡ ਕਰਕੇ ਜਨਤਕ ਕੀਤਾ ਜਾਵੇਗਾ। ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ ‘ਚ ਬੀਤੇ ਦਿਨ ਜਿੱਤ ਹਾਸਲ ਕਰਨ ਵਾਲੇ 3 ਕੌਂਸਲਰਾਂ ਦੇ ਘਰ ਭਾਜਪਾ ਆਗੂ ਰਾਤ ਦੇ ਹਨ੍ਹੇਰੇ ਦੌਰਾਨ ਪਹੁੰਚੇ ਹਨ ਅਤੇ ਉਨ੍ਹਾਂ ‘ਚੋਂ 2 ਲੋਕਾਂ ਨੂੰ 50-50 ਲੱਖ ਅਤੇ ਇਕ ਨੂੰ 75 ਲੱਖ ਰੁਪਏ ਦਾ ਆਫ਼ਰ ਦੇਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਹਰਕਤਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਪਾਰਟੀ ਚੌਕੰਨੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ‘ਚ ਕੋਈ ਕਾਨੂੰਨੀ ਧਾਰਾ ਲੱਗਦੀ ਹੋਈ ਤਾਂ ਉਹ ਚੋਣ ਕਮਿਸ਼ਨ ਤੋਂ ਲੈ ਕੇ ਅਦਾਲਤ ਤੱਕ ਵੀ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੀ ਅਦਾਲਤ ‘ਚ ਭਾਜਪਾ ਦਾ ਅਸਲ ਚਿਹਰਾ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਬੇਸ਼ੁਮਾਰ ਪੈਸਾ ਹੈ ਅਤੇ ਆਪਣੀ ਦੌਲਤ ਦੀ ਬਦੌਲਤ ਹੀ ਭਾਜਪਾ ਹੁਣ ਸਾਡੇ ਲੋਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਕਾਂਗਰਸ ਵਿਧਾਇਕ ਫਤਿਹਜੰਗ ਬਾਜਵਾ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਤਿੱਖਾ ਹਮਲਾ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਚੋਣਾਂ ਨੇੜੇ ਆਉਂਦੇ-ਆਉਂਦੇ ਕਾਂਗਰਸ ‘ਚ ਸਿਰਫ 2-3 ਵਿਧਾਇਕ ਹੀ ਰਹਿ ਜਾਣਗੇ ਅਤੇ ਵੱਡੇ-ਵੱਡੇ ਮੰਤਰੀ ਅਤੇ ਵਿਧਾਇਕ ਸਭ ਪਾਰਟੀ ਛੱਡ ਦੇਣਗੇ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਖ਼ਤਮ ਹੋਣ ਦੀ ਕਗਾਰ ‘ਤੇ ਹੈ ਅਤੇ ਉਹ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹੁੰਦੇ ਹਨ ਕਿ ਕਾਂਗਰਸ ਨੂੰ ਵੋਟ ਦੇ ਕੇ ਆਪਣੀ ਵੋਟ ਬਰਬਾਦ ਨਾ ਕਰਨ।