ਲੁਧਿਆਣਾ ਕੋਰਟ ਬਲਾਸਟ ਕੇਸ ਦੇ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਰਮਨੀ ਵਿੱਚ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ ਹੈ। ਜਸਵਿੰਦਰ ਸਿੰਘ ਲੁਧਿਆਣਾ ਅਦਾਲਤ ਧਮਾਕੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਜਸਵਿੰਦਰ ਸਿੰਘ ਦਿੱਲੀ ਤੇ ਮੁੰਬਈ ਵਿੱਚ ਦਹਿਸ਼ਤੀ ਹਮਲੇ ਕਰਨ ਦੀ ਵੀ ਯੋਜਨਾ ਬਣਾ ਰਿਹਾ ਸੀ। ਇਸੇ ਦੋਸ਼ ‘ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਸਵਿੰਦਰ ਸਿੰਘ (45) ਨੂੰ SFJ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਮੰਨਿਆ ਜਾਂਦਾ ਹੈ। ਜਸਵਿੰਦਰ ‘ਤੇ ਕਥਿਤ ਤੌਰ ‘ਤੇ ਵੱਖਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਬੌਨ ਅਤੇ ਨਵੀਂ ਦਿੱਲੀ ਸਥਿਤ ਡਿਪਲੋਮੈਟਾਂ ਮੁਤਾਬਕ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਜਰਮਨ ਅਧਿਕਾਰੀਆਂ ਨੂੰ ਪਾਕਿਸਤਾਨੀ ਨਾਲ ਸਬੰਧ ਰੱਖਣ ਵਾਲੇ ਖਾਲਿਸਤਾਨ ਪੱਖੀ ਕੱਟੜਪੰਥੀ ਨੂੰ ਗ੍ਰਿਫਤਾਰ ਕਰਨ ਦੀ ਬੇਨਤੀ ਕਰਨ ਤੋਂ ਬਾਅਦ ਫੈਡਰਲ ਪੁਲਿਸ ਨੇ ਮੁਲਤਾਨੀ ਨੂੰ ਕੇਂਦਰੀ ਜਰਮਨੀ ਦੇ ਏਰਫਰਟ ਤੋਂ ਗ੍ਰਿਫ਼ਤਾਰ ਕੀਤਾ, ਇਸ ਦੇ ਨਾਲ ਹੀ ਉਹ ਸਰਹੱਦ ਪਾਰ ਤੋਂ ਪੰਜਾਬ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਮਾਮਲੇ ਵਿੱਚ ਵੀ ਸ਼ਾਮਲ ਸੀ।
ਅਧਿਕਾਰੀ ਨੇ ਉਪਰੋਕਤ ਹਵਾਲੇ ਨਾਲ ਦੱਸਿਆ ਕਿ ਮੁਲਤਾਨੀ ਹਾਲ ਹੀ ਵਿੱਚ ਪਾਕਿਸਤਾਨ ਸਥਿਤ ਕਾਰਕੁਨਾਂ ਦੀ ਮਦਦ ਨਾਲ ਸਰਹੱਦ ਪਾਰ ਤੋਂ ਵਿਸਫੋਟਕ, ਹੈਂਡ ਗ੍ਰਨੇਡ ਅਤੇ ਪਿਸਤੌਲਾਂ ਵਾਲੇ ਹਥਿਆਰਾਂ ਦੀ ਖੇਪ ਦਾ ਪ੍ਰਬੰਧ ਕਰਨ ਅਤੇ ਭੇਜਣ ਲਈ ਸੁਰੱਖਿਆ ਏਜੰਸੀਆਂ ਦੀ ਰਡਾਰ ‘ਤੇ ਸੀ।
ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਪਹਿਲਾਂ ਪੰਜਾਬ ਦੇ ਹੁਸ਼ਿਆਰਪੁਰ ਦਾ ਵਸਨੀਕ, 45 ਸਾਲਾ ਮੁਲਤਾਨੀ SFJ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦਾ ਨਜ਼ਦੀਕੀ ਸਾਥੀ ਹੈ, ਅਤੇ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ।
23 ਦਸੰਬਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਜ਼ਖਮੀ ਹੋ ਗਏ ਸਨ, ਜਿਸ ਨਾਲ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ।