ਅੰਮ੍ਰਿਤਸਰ, 25 ਦਸੰਬਰ (ਬਿਊਰੋ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਨਾਂ ਨੂੰ ਗੱਲਬਾਤ ਲਈ ਆਪਣੇ ਹੋਟਲ ਦੇ ਕਮਰੇ ‘ਚ ਸੱਦਿਆ ਸੀ ਪਰ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਮੀਡੀਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦਾ ਹਾਂ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਬੰਦ ਕਮਰਾ ਮੁਲਾਕਾਤ ਲਈ ਕੇਜਰੀਵਾਲ ਨੂੰ ਮਨ੍ਹਾ ਕਰ ਦਿੱਤਾ ਹੈ।
ਇਸ ਮੌਕੇ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਕੇਜਰੀਵਾਲ ਤੇ ਬਾਦਲਾਂ ਦੀ ਮਿਲੀ ਭੁਗਤ ਹੈ , ਜਿਸ ਕਰਕੇ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਏਅਰਪੋਰਟ ‘ਤੇ ਜਾਣ ਦੀ ਇਜਾਜ਼ਤ ਕੇਜਰੀਵਾਲ ਸਰਕਾਰ ਨੇ ਦਿੱਤੀ ਹੈ ਜਦਕਿ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਕੇਜਰੀਵਾਲ ਸਰਕਾਰ ਇਜਾਜ਼ਤ ਨਹੀਂ ਦੇ ਰਹੀ। ਰਾਜਾ ਵੜਿੰਗ ਨੇ ਕਿਹਾ ਕਿ ਕੱਲ ਉਹ 6 ਘੰਟੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਇਕ ਪੁਲਿਸ ਦੇ ਖੋਖੇ ਹੇਠਾਂ ਬੈਠੇ ਰਹੇ।
ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਬਾਦਲਾਂ ਦੀ ਇੱਕ ਬੱਸ ਤਿੰਨ ਲੱਖ ਰੁਪਏ ਇਕ ਗੇੜੇ ਦੇ ਕਮਾ ਰਹੀ ਹੈ ਤੇ ਕੇਜਰੀਵਾਲ ਸਰਕਾਰ ਨੇ 35 ਬੱਸਾਂ, ਜੋ ਬਾਦਲਾਂ ਦੀਆਂ ਹਨ, ਨੂੰ ਇਜਾਜਤ ਦਿੱਤੀ ਹੋਈ ਹੈ। ਰਾਜਾ ਵੜਿੰਗ ਨੇ ਦੱਸਿਆ ਕਿ ਬਾਦਲ ਦੀ ਬੱਸ ‘ਚ ਇਕ ਸਵਾਰੀ ਕੋਲੋ 3000 ਰੁਪਏ ਲਏ ਜਾਂਦੇ ਹਨ ਜਦਕਿ ਪੰਜਾਬ ਰੋਡਵੇਜ 1200 ਰੁਪਏ ਪ੍ਰਤੀ ਸਵਾਰੀ ਕੋਲੋ ਲੈ ਕੇ ਏਅਰਪੋਰਟ ‘ਤੇ ਪਹੁੰਚਾ ਸਕਦੀ ਹੈ।
ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਫ਼ਿਲਹਾਲ ਰਾਜਾ ਵੜਿੰਗ ਨੂੰ ਨਹੀਂ ਮਿਲੇ। ਰਾਜਾ ਵੜਿੰਗ ਪੰਜਾਬ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਜਾਣ ਦੀ ਮਨਜੂਰੀ ਬਾਬਤ ਅਰਵਿੰਦ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਹਨ। ਹਾਲੇ ਵੀ ਰਾਜਾ ਵੜਿੰਗ ਹਯਾਟ ਹੋਟਲ ਦੀ ਰਿਸੈਪਸ਼ਨ ‘ਤੇ ਕੇਜਰੀਵਾਲ ਦਾ ਇੰਤਜਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦਾ ਅੱਜ ਅੰਮ੍ਰਿਤਸਰ ਦੇ ਨਿੱਜੀ ਰਿਜੋਰਟ ‘ਚ ਪਾਰਟੀ ਵਰਕਰਾਂ ਨਾਲ ਸਮਾਗਮ ਹੈ।