ਚੰਡੀਗੜ੍ਹ, 24 ਦਸੰਬਰ (ਬਿਊਰੋ)-ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਪੋਲਿੰਗ ਬੂਥਾਂ ‘ਤੇ ਵੋਟਾਂ ਪਾਉਣ ਲਈ ਲੋਕ ਲੰਬੀਆਂ ਲਾਈਨਾਂ ‘ਚ ਖੜ੍ਹੇ ਹੋਏ ਦਿਖਾਈ ਦਿੱਤੇ। ਸ਼ਹਿਰ ‘ਚ ਦੁਪਹਿਰ ਇਕ ਵਜੇ ਤੱਕ 34 ਫ਼ੀਸਦੀ ਵੋਟਿੰਗ ਹੋਈ। ਵੋਟਾਂ ਪਾਉਣ ਦਾ ਕੰਮ ਸ਼ਾਮ ਤੱਕ ਚੱਲੇਗਾ। ਕੋਰੋਨਾ ਪੀੜਤ ਲੋ ਮਰੀਜ਼ ਵੋਟਿੰਗ ਦੇ ਆਖ਼ਰੀ ਘੰਟੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।
ਹੱਲੋਮਾਜਰਾ ‘ਚ ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਹੱਲੋਮਾਜਰਾ ‘ਚ ਵੋਟਿੰਗ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇੱਥੇ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਲਾਈਨਾਂ ‘ਚ 2 ਘੰਟਿਆਂ ਤੋਂ ਖੜ੍ਹੀਆਂ ਦਿਖੀਆਂ। ਇੱਥੇ ਵੋਟ ਪਾਉਣ ਆਏ ਲੋਕਾਂ ਦੀ ਕਾਫੀ ਭੀੜ ਦੇਖੀ ਗਈ। ਜੇਕਰ ਕਾਲੋਨੀਆਂ ਦੀ ਗੱਲ ਕੀਤੀ ਜਾਵੇ ਤਾਂ ਵੋਟਿੰਗ ਕਰਨ ਵਾਲੇ ਲੋਕ ਲੰਬੀਆਂ ਲਾਈਨਾਂ ‘ਚ ਖੜ੍ਹੇ ਹੋਏ ਦਿਖਾਈ ਦਿੱਤੇ।
ਦੂਜੇ ਪਾਸੇ ਸੈਕਟਰ-35 ਦੇ ਪੋਲਿੰਗ ਬੂਥ ‘ਤੇ ਜ਼ਿਆਦਾ ਭੀੜ ਦਿਖਾਈ ਨਹੀਂ ਦਿੱਤੀ ਅਤੇ ਇੱਕਾ-ਦੁੱਕਾ ਲੋਕ ਹੀ ਵੋਟ ਪਾਉਣ ਲਈ ਪਹੁੰਚੇ ਹੋਏ ਨਜ਼ਰ ਆਏ। ਕਾਲੋਨੀਆਂ ਦੇ ਮੁਕਾਬਲੇ ਜੇਕਰ ਸੈਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਘੱਟ ਗਿਣਤੀ ‘ਚ ਲੋਕ ਵੋਟਾਂ ਪਾਉਣ ਪਹੁੰਚ ਰਹੇ ਹਨ।