ਚੰਡੀਗੜ੍ਹ, 23 ਦਸੰਬਰ (ਬਿਊਰੋ)- ਕਿਸਾਨ ਅੰਦੋਲਨ ਮਗਰੋਂ ਪੰਜਾਬ ਵਿੱਚ ਤਬਦੀਲੀ ਲਈ ਸਰਗਰਮ ਪੰਜਾਬੀ ਗਾਇਕ ਬੱਬੂ ਮਾਨ ਨਾਲ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਮੀਟਿੰਗ ਕੀਤੀ। ਰਾਘਵ ਚੱਢਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ BabbuMaan ਨੂੰ ਮਿਲੇ। ਇਸ ਦੌਰਾਨ ਪੰਜਾਬ ਰਾਜ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਦੱਸ ਦਈਏ ਕਿ ਬੱਬੂ ਮਾਨ ਕਿਸਾਨ ਜਥੇਬੰਦੀਆਂ ਨੂੰ ਚੋਣਾਂ ਲੜਨ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਬੱਬੂ ਮਾਨ ਨੇ ਬੁੱਧੀਜੀਵੀਆਂ ਤੇ ਕਲਾਕਾਰਾਂ ਨਾਲ ਮਿਲ ਕੇ ਜੂਝਦਾ ਪੰਜਾਬ ਨਾਲ ਦੀ ਜਥੇਬੰਦੀ ਵੀ ਬਣਾਈ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਿਆਸੀ ਪਾਰਟੀਆਂ ਨੂੰ ਏਜੰਡਾ ਦਿੱਤਾ ਜਾਏਗਾ। ਜਿਹੜੀ ਪਾਰਟੀ ਇਸ ਏਜੰਡੇ ਉੱਪਰ ਕੰਮ ਕਰਨ ਦੀ ਸਹਿਮਤੀ ਦੇਵੇਗੀ, ਉਸ ਦੀ ਹਮਾਇਤ ਕੀਤੀ ਜਾਵੇਗੀ।
ਕਿਸਾਨ ਅੰਦੋਲਨ ਖਤਮ ਹੋਣ ਮਗਰੋਂ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨ ਪੰਜਾਬ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਬੱਬੂ ਮਾਨ ਦਾ ਕਹਿਣਾ ਹੈ ਕਿ ਹੁਣ ਤੱਕ ਅਸੀਂ ਸਾਰੀਆਂ ਪਾਰਟੀ ਦੇਖ ਲਈਆਂ ਹਨ।
ਬੱਬੂ ਮਾਨ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਡਟੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿ ਕਿਸਾਨਾਂ ਨੂੰ ਚੋਣਾਂ ਲੜ ਕੇ ਸਿਸਟਮ ਬਦਲਣਾ ਚਾਹੀਦਾ ਹੈ। ਬੱਬੂ ਮਾਨ ਨੇ ਕਿਸਾਨ ਨੂੰ ਅਪੀਲ ਕੀਤੀ ਸੀ ਕਿ ਵੋਟਾਂ ਤੱਕ ਇਕੱਠਾ ਰਹਿਣਾ, ਅਲੱਗ ਨਾ ਹੋ ਜਾਣਾ, ਕਿਸੇ ਪਾਰਟੀ ਦੇ ਲਾਲਚ ‘ਚ ਨਾ ਆਉਣਾ।