ਲੰਬੀ : ਹਲਕਾ ਲੰਬੀ ਦੇ ਪਿੰਡ ਭਿੱਟੀਵਾਲਾ ਵਿਖੇ ਲੋਕ ਮਿਲਣੀ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨੀ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਬਾਰੇ ਬੋਲਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਾਨੂੰ ਸਭਨਾਂ ਨੂੰ ਆਪਣੀ ਜ਼ਿੰਦਗੀ ਨਾਲੋਂ ਜ਼ਿਆਦਾ ਪਿਆਰਾ ਹੈ ਅਤੇ ਉੱਥੇ ਜੋ ਕੁੱਝ ਵੀ ਹੋਇਆ, ਉਸ ਨੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਇਸ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਾਂਗਰਸ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਨੀ ਵੱਡੀ ਘਟਨਾ ਵਾਪਰੀ ਹੈ, ਜੋ ਕਿ ਨਿੰਦਣਯੋਗ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਮੇਂ ਦੌਰਾਨ ਖ਼ੁਦ ਇਸ ਗੱਲ ਨੂੰ ਸਮਝਿਆ ਕਿ ਸੂਬੇ ਦੇ ਲੋਕਾਂ ਲਈ ਕੀ ਕਰਨਾ ਚਾਹੀਦਾ ਹੈ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਬਾਰੇ ਬੋਲਦਿਆਂ ਸ. ਬਾਦਲ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਥੇ ਕੋਈ ਚੌਂਕੀਦਾਰੀ ਦੀ ਨੌਕਰੀ ਛੱਡ ਕੇ ਰਾਜ਼ੀ ਨਹੀਂ ਹੁੰਦਾ ਪਰ ਬੀਬਾ ਹਰਸਿਮਰਤ ਬਾਦਲ ਨੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕੇਂਦਰ ਦੀ ਮਨਿਸਟਰੀ ਛੱਡ ਦਿੱਤੀ, ਜਦੋਂ ਕਿ ਕਿਸੇ ਹੋਰ ਮੰਤਰੀ ਨੇ ਕੋਈ ਅਸਤੀਫ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਦੇ ਸਮੇਂ ਉਹ ਖ਼ੁਦ ਸੰਗਤ ਦਰਸ਼ਨ ਕਰਦੇ ਸਨ ਅਤੇ ਉਨ੍ਹਾਂ ਨੂੰ ਆਮ ਜਨਤਾ ਦੀਆਂ ਸਮੱਸਿਆਵਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿ ਆਮ ਜਨਤਾ ਨੂੰ ਕੀ ਚਾਹੀਦਾ ਹੈ।