ਕੇਂਟਕੀ, 14 ਦਸੰਬਰ (ਬਿਊਰੋ)- ਅਮਰੀਕਾ ਦੀ ਕੈਂਟਕੀ ਕਾਉਂਟੀ ਸਮੇਤ ਘੱਟੋ-ਘੱਟ ਪੰਜ ਰਾਜਾਂ ਵਿੱਚ ਤੂਫ਼ਾਨ ਨਾਲ ਸਬੰਧਤ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਕਿ ਤੂਫ਼ਾਨ ਦੇ ਪ੍ਰਭਾਵ ਨਾਲ ਹੋਰ ਕੁਝ ਹਫ਼ਤਿਆਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ, ਜਿਸ ਨਾਲ ਠੰਢ ਤੋਂ ਬਚਣ ਦੇ ਉਪਾਵਾਂ ਅਤੇ ਪਾਣੀ ਦੀ ਕਮੀ ਦੀ ਸਮੱਸਿਆ ਲੰਬੇ ਸਮੇਂ ਤੱਕ ਜਾਰੀ ਰਹਿਣ ਦਾ ਖਦਸ਼ਾ ਹੈ। ਕੈਂਟਕੀ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਆਏ ਤੂਫਾਨਾਂ ਨਾਲ ਹੋਏ ਨੁਕਸਾਨ ਕਾਰਨ ਉਨ੍ਹਾਂ ਨੂੰ ਸੇਵਾਵਾਂ ਬਹਾਲ ਕਰਨ ਵਿੱਚ ਰੁਕਾਵਟ ਆ ਰਹੀ ਹੈ। ਮਰਨ ਵਾਲਿਆਂ ਵਿੱਚ ਦੋ ਮਹੀਨੇ ਦੀ ਬੱਚੀ ਅਤੇ ਇੱਕ 94 ਸਾਲਾ ਵਿਅਕਤੀ ਵੀ ਸ਼ਾਮਲ ਹੈ। ਤੂਫਾਨ ਕਾਰਨ ਹੋਈ ਤਬਾਹੀ ਨੇ 10,000 ਤੋਂ ਵੱਧ ਲੋਕ ਬੇਘਰ ਕਰ ਦਿੱਤੇ ਹਨ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਸੋਮਵਾਰ ਨੂੰ ਕਿਹਾ ਕਿ ਇਕੱਲੇ ਰਾਜ ਵਿਚ 64 ਲੋਕਾਂ ਦੀ ਮੌਤ ਹੋਈ ਹੈ। ਇਲੀਨੋਇਸ, ਟੈਨੇਸੀ, ਅਰਕਨਸਾਸ ਅਤੇ ਮਿਸੂਰੀ ਦੇ ਹੋਰ ਰਾਜਾਂ ਵਿੱਚ ਘੱਟੋ-ਘੱਟ 14 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਲਾਪਤਾ ਲੋਕਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਵਿਨਾਸ਼ਕਾਰੀ ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਨੂੰ ਕੈਂਟਕੀ ਦਾ ਦੌਰਾ ਕਰਨਗੇ।
ਬਾਈਡੇਨ ਨੇ ਇਹ ਐਲਾਨ ਓਵਲ ਦਫ਼ਤਰ ਵਿੱਚ ਗ੍ਰਹਿ ਸੁਰੱਖਿਆ ਅਤੇ ਆਫ਼ਤ ਪ੍ਰਤੀਕਿਿਰਆ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕੀਤਾ। ਮੀਟਿੰਗ ਵਿੱਚ ਉਨ੍ਹਾਂ ਕੈਂਟਕੀ ਅਤੇ ਹੋਰ ਪ੍ਰਭਾਵਿਤ ਰਾਜਾਂ ਦੀ ਮਦਦ ਕਰਨ ਬਾਰੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਮੀਟਿੰਗ ਲਈ ਫੋਰਟ ਕੈਂਪਬੈਲ, ਕੈਂਟਕੀ ਦਾ ਦੌਰਾ ਕਰਨਗੇ ਅਤੇ ਫਿਰ ਤੂਫਾਨ ਨਾਲ ਪ੍ਰਭਾਵਿਤ ਮੇਫੀਲਡ ਅਤੇ ਡਾਸਨ ਸਪ੍ਰਿੰਗਜ਼ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਬਾਈਡੇਨ ਨੇ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਯਾਤਰਾ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦੀ ਯਾਤਰਾ ਉੱਥੇ ਚੱਲ ਰਹੇ ਐਮਰਜੈਂਸੀ ਰਾਹਤ ਕਾਰਜਾਂ ਨੂੰ ਪ੍ਰਭਾਵਿਤ ਨਾ ਕਰੇ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਕੈਂਟਕੀ ਦੇ ਆਪਣੇ ਦੌਰੇ ਦੌਰਾਨ ਸਥਾਨਕ ਅਧਿਕਾਰੀਆਂ ਨੂੰ ਮਿਲਣ ‘ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਉੱਤਰੀ ਕੈਲੀਫੋਰਨੀਆ ‘ਚ ਤੇਜ਼ ਹਵਾਵਾਂ, ਮੀਂਹ ਅਤੇ ਬਰਫ਼ਬਾਰੀ ਨਾਲ ਠੰਡ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸੋਮਵਾਰ ਨੂੰ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਪਹਾੜੀ ਖੇਤਰਾਂ ਵਿੱਚ ਆਵਾਜਾਈ ਵਿੱਚ ਵਿਘਨ ਪੈਣ ਦੀ ਚਿਤਾਵਨੀ ਦਿੱਤੀ ਹੈ।