ਕੰਨੂਰ, 8 ਦਸੰਬਰ (ਦਲਜੀਤ ਸਿੰਘ)- ਤਾਮਿਲਨਾਡੂ ਦੇ ਕੰਨੂਰ ’ਚ ਬੁੱਧਵਾਰ ਯਾਨੀ ਕਿ ਅੱਜ ਹਵਾਈ ਫ਼ੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹੈਲੀਕਾਪਟਰ ’ਚ ਫ਼ੌਜ ਦੇ 4 ਅਧਿਕਾਰੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ’ਚ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐੱਸ.) ਬਿਪਿਨ ਰਾਵਤ ਵੀ ਸਵਾਰ ਸਨ। ਹੁਣ ਤੱਕ 3 ਜਵਾਨਾਂ ਦਾ ਰੈਸਕਿਊ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬਚਾਅ ਮੁਹਿੰਮ ਜਾਰੀ ਹੈ। ਜਾਣਕਾਰੀ ਮੁਤਾਬਕ ਖਰਾਬ ਮੌਸਮ ਦੀ ਵਜ੍ਹਾ ਕਾਰਨ ਇਹ ਹਾਦਸਾ ਵਾਪਰਿਆ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ’ਚ 14 ਲੋਕ ਮੌਜੂਦ ਸਨ, ਇਹ ਹੈਲੀਕਾਪਟਰ ਵੇਲਿੰਗਟਨ ਤੋਂ ਸੁਲੂਰ ਜਾ ਰਿਹਾ ਸੀ।
ਜਿਸ ਥਾਂ ’ਤੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ, ਉਹ ਇਲਾਕਾ ਕਾਫੀ ਸੰਘਣਾ ਹੈ। ਆਲੇ-ਦੁਆਲੇ ਚਾਰੋਂ ਪਾਸੇ ਦਰੱਖ਼ਤ ਹੀ ਦਰੱਖ਼ਤ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰੋਂ ਪਾਸੇ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਹਨ। ਫ਼ੌਜ ਅਤੇ ਹਵਾਈ ਫ਼ੌਜ ਦੀਆਂ ਟੁਕੜੀਆਂ ਬਚਾਅ ਮੁਹਿੰਮ ਲਈ ਪਹੁੰਚ ਗਈਆਂ ਹਨ। ਆਲੇ-ਦੁਆਲੇ ਦੇ ਇਲਾਕੇ ਵਿਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।