ਕੇਲਾਂਗ, 2 ਦਸੰਬਰ (ਦਲਜੀਤ ਸਿੰਘ)- ਹਿਮਾਚਲ ਪ੍ਰਦੇਸ਼ ’ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਪ੍ਰਦੇਸ਼ ’ਚ ਮੌਸਮ ’ਚ ਆਏ ਬਦਲਾਅ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ। ਤਾਪਮਾਨ ’ਚ ਗਿਰਾਵਟ ਕਾਰਨ ਪ੍ਰਦੇਸ਼ ’ਚ ਪਹਾੜਾਂ ’ਤੇ ਬਰਫ਼ ਦੀ ਸਫੈਦ ਚਾਦਰ ਵਿਛ ਗਈ ਹੈ। ਇਕ ਪਾਸੇ ਜਿੱਥੇ ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ ਹੈ, ਉੱਥੇ ਹੀ ਹੇਠਲੇ ਇਲਾਕਿਆਂ ’ਚ ਬੱਦਲਾਂ ਦਾ ਡੇਰਾ ਹੈ ਜਿਸ ਕਾਰਨ ਠੰਡ ਵਧ ਗਈ ਹੈ। ਜਨਜਾਤੀ ਜ਼ਿਲ੍ਹਾ ਲਾਹੌਲ ਸਪੀਤੀ ’ਚ ਬੁੱਧਵਾਰ ਰਾਤ ਤੋਂ ਹੀ ਬਰਫ਼ ਪੈ ਰਹੀ ਹੈ। ਅਜਿਹੇ ਵਿਚ ਤਾਪਮਾਨ ’ਚ ਗਿਰਾਵਟ ਆਈ ਹੈ ਅਤੇ ਲੋਕ ਆਪਣੇ ਘਰਾਂ ਵਿਚ ਬੰਦ ਹੋ ਗਏ ਹਨ। ਓਧਰ ਮੌਸਮ ਵਿਭਾਗ ਵਲੋਂ ਆਉਣ ਵਾਲੀ 6 ਦਸੰਬਰ ਤੱਕ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪ੍ਰਦੇਸ਼ ਦੇ ਕਈ ਜ਼ਿਿਲ੍ਹਆਂ ਵਿਚ ਵੀਰਵਾਰ ਨੂੰ ਮੀਂਹ ਅਤੇ ਬਰਫ਼ਬਾਰੀ ਦਾ ਯੈਲੋ ਅਲਰਟ ਜਾਰੀ ਹੋਇਆ ਹੈ। ਲਾਹੌਲ ਅਤੇ ਕੁੱਲੂ ਵਿਚ ਆਮ ਤਾਪਮਾਨ ਡਿੱਗਣ ਨਾਲ ਝੀਲਾਂ, ਝਰਨੇ ਅਤੇ ਨਾਲੇ ਜੰਮਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਨੇ 6 ਦਸੰਬਰ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਹੈ। ਓਧਰ ਕੇਲਾਂਗ ਦੇ ਯੋਚੇ ਬੱਸ ਰੂਟ ’ਤੇ ਬਰਫ਼ਬਾਰੀ ਤੋਂ ਬਾਅਦ ਬੱਸ ਦਾਰਚਾ ਤੋਂ ਪਿੱਛੇ ਤੱਕ ਗਈ ਅਤੇ ਯੋਚੇ ਨਹੀਂ ਜਾ ਸਕੀ। ਬਾਕੀ ਰੂਟਾਂ ’ਤੇ ਲੋਕਾਂ ਲਈ ਬੱਸ ਸੇਵਾ ਸੁਚਾਰੂ ਰੂਪ ਨਾਲ ਚੱਲ ਰਹੀ ਹੈ। ਟਰਾਂਸਪੋਰਟ ਨਿਗਮ ਦੇ ਸਾਰੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਮੌਸਮ ਵਿਭਾਗ ਦੀ ਐਡਵਾਇਜ਼ਰੀ ਨੂੰ ਵੇਖਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।